ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਵੱਡੀ ਅਤਿਵਾਦੀ ਸਾਜ਼ਸ਼ ਨੂੰ ਨਾਕਾਮ ਕਰ ਦਿਤਾ ਹੈ। ਇਥੋਂ ਦੇ ਕੁਲਗਾਮ ਅਤੇ ਪੁਲਵਾਮਾ ਵਿਚ ਕਲ ਮੁਕਾਬਲਾ ਹੋਇਆ। ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ ਕੁਪਵੜਾ ਜ਼ਿਲ੍ਹੇ ਦੇ ਗਾਂਦਰਸ ਇਲਾਕੇ ਦਾ ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਮੇਹਰਾਜੂਦੀਨ ਹਲਵਾਈ ਉਰਫ਼ ਉਬੈਦ ਮਾਰਿਆ ਗਿਆ ਸੀ। ਇਸ ਤਰ੍ਹਾਂ 24 ਘੰਟਿਆਂ ਵਿਚ ਘਾਟੀ ਵਿਚ ਕੁਲ 5 ਅਤਿਵਾਦੀਆਂ ਦਾ ਸਫ਼ਾਇਆ ਕਰ ਦਿਤਾ ਗਿਆ ਹੈ। ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਪਹਿਲਾ ਮੁਕਾਬਲਾ ਕੁਲਗਾਮ ਦੇ ਜੋਦਾਰ ਇਲਾਕੇ ਵਿਚ ਹੋਇਆ। ਸੁਰੱਖਿਆ ਬਲਾਂ ਦੀ ਤਲਾਸ਼ੀ ਮੁਹਿੰਮ ਦੌਰਾਨ ਅਤਿਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਜਵਾਬੀ ਕਾਰਵਾਈ ਵਿਚ ਦੋ ਅਤਿਵਾਦੀ ਮਾਰੇ ਗਏ। ਮਾਰੇ ਗਏ ਅਤਿਵਾਦੀ ਦੀ ਪਛਾਣ ਲਸ਼ਕਰ ਏ ਤੋਇਬਾ ਨਾਲ ਜੁੜੇ ਹੋਏ ਸਨ। ਦੂਜਾ ਮੁਕਾਬਲਾ ਪੁਲਵਾਮਾ ਦੇ ਪੁਚਲ ਇਲਾਕੇ ਵਿਚ ਹੋਇਆ। ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਹੋਏ ਮੁਕਾਬਲੇ ਵਿਚ ਵੀ ਦੋ ਅਤਿਵਾਦੀ ਮਾਰੇ ਗਏ। ਦੋਹਾਂ ਦੀ ਪਛਾਣ ਫ਼ਿਲਹਾਲ ਨਹੀਂ ਹੋ ਸਕੀ। ਸੂਤਰਾਂ ਮੁਤਾਬਕ ਇਲਾਕੇ ਵਿਚ ਦੋ ਹੋਰ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ। ਤਲਾਸ਼ੀ ਮੁਹਿੰਮ ਹਾਲੇ ਜਾਰੀ ਹੈ।