ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦਸਿਆ ਕਿ ਕੋਰੋਨਾ ਲਾਗ ਦੇ ਕੁਲ ਮਾਮਲਿਆਂ ਵਿਚ ਅੱਧੇ ਤੋਂ ਵੱਧ ਮਾਮਲੇ 2 ਰਾਜਾਂ ਮਹਾਰਾਸ਼ਟਰ ਅਤੇ ਕੇਰਲਾ ਵਿਚ ਸਾਹਮਣੇ ਆਏ ਹਨ। ਕੁਲ 53 ਫ਼ੀਸਦੀ ਮਾਮਲੇ ਇਨ੍ਹਾਂ ਰਾਜਾਂ ਤੋਂ ਮਿਲੇ ਹਨ। ਬੀਤੇ 24 ਘੰਟਿਆਂ ਵਿਚ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਯਾਨੀ 9083 ਅਤੇ ਕੇਰਲਾ 13772 ਵਿਚ ਮਿਲੇ ਹਨ। ਸਭ ਤੋਂ ਜ਼ਿਆਦਾ ਐਕਟਿਵ ਕੇਸ ਇਥੇ ਹੀ ਹਨ। ਸਿਹਤ ਮੰਤਰਾਲੇ ਦੇ ਸਕੱਤਰ ਲਵ ਅਗਰਵਾਲ ਨੇ ਦਸਿਆ ਕਿ ਮਹਾਰਾਸ਼ਟਰ ਵਿਚ 3 ਜੁਲਾਈ ਨੂੰ 8700 ਤੋਂ ਵੱਧ ਨਵੇਂ ਮਾਮਲੇ ਦਰਜ ਹੋਏ ਜੋ 6 ਜੁਲਾਈ ਨੂੰ ਘੱਟ ਕੇ 6700 ਦੇ ਕਰੀਬ ਆ ਗਏ। ਹਾਲਾਂਕਿ ਇਸ ਦੇ ਬਾਅਦ ਹਰ ਦਿਨ ਇਸ ਨਾਲੋਂ ਜ਼ਿਆਦਾ ਨਵੇਂ ਮਾਮਲੇ ਮਿਲੇ। ਕੇਰਲਾ ਵਿਚ 2 ਜੁਲਾਈ ਨੂੰ 12800 ਤੋਂ ਵੱਧ ਮਾਮਲੇ ਦਰਜ ਹੋਏ ਜੋ 6 ਜੁਲਾਈ ਨੂੰ 8300 ਦੇ ਕਰੀਬ ਆ ਗਏ। ਹਾਲਾਂਕਿ ਇਸ ਦੇ ਬਾਅਦ ਹਰ ਦਿਨ ਇਸ ਤੋਂ ਜ਼ਿਆਦਾ ਮਾਮਲੇ ਮਿਲੇ। ਲਵ ਅਗਰਵਾਲ ਨੇ ਦਸਿਆ ਕਿ ਕੋਰੋਨਾ ਦੇ 80 ਫ਼ੀਸਦੀ ਨਵੇਂ ਮਾਮਲੇ 90 ਜ਼ਿਲਿ੍ਹਆਂ ਵਿਚ ਹਨ। 66 ਜ਼ਿਲ੍ਹੇ ਅਜਿਹੇ ਹਨ ਜਿਥੇ 8 ਜੁਲਾਈ ਨੂੰ ਪਾਜ਼ਿਟਿਵਿਟੀ ਰੇਟ 10 ਫ਼ੀਸਦੀ ਤੋਂ ਜ਼ਿਆਦਾ ਸੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਨਵੇਂ ਮਾਮਲਿਆਂ ਵਿਚ ਕਮੀ ਦਾ ਸਿਲਸਿਲਾ ਜਾਰੀ ਹੈ। ਪਿਛਲੇ ਇਕ ਹਫ਼ਤੇ ਵਿਚ ਹਰ ਦਿਨ ਔਸਤਨ ਨਵੇਂ ਮਾਮਲਿਆਂ ਵਿਚ 8 ਫ਼ੀ ਸਦੀ ਦੀ ਕਮੀ ਆਈ ਹੈ। ਮੰਤਰਾਲੇ ਨੇ ਦਸਿਆ ਕਿ ਦੇਸ਼ ਵਿਚ ਰਿਕਵਰੀ ਵਿਚ ਵਾਧਾ ਹੋਇਆ ਹੈ। ਰਿਕਵਰੀ ਰੇਟ ਅੱਜ 97.2 ਫ਼ੀਸਦੀ ਹੈ। ਅਗਰਵਾਲ ਨੇ ਕਿਹਾ ਕਿ ਅਸੀਂ ਹਾਲੇ ਵੀ ਕੋਰੋਨਾ ਦੀ ਦੂਜੀ ਲਹਿਰ ਨਾਲ ਸਿੱਝ ਰਹੇ ਹਾਂ। ਸਾਵਧਾਨੀ ਵਰਤਣ ਦੀ ਲੋੜ ਹੈ। ਬ੍ਰਿਟੇਨ, ਰੂਸ ਅਤੇ ਬੰਗਲਾਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਦਰਜ ਹੋਇਆ ਹੈ।