ਤਲਵੰਡੀ ਸਾਬੋ : ਤਲਵੰਡੀ ਸਾਬੋ ਦੇ ਤਿੰਨੇ ਯੂਨਿਟ ਬੰਦ ਹੋ ਗਏ ਹਨ ਅਤੇ ਹੁਣ ਪੰਜਾਬ ਦਾ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਸੇ ਪਾਵਰ ਪਲਾਂਟ ਦੇ ਦੇ 2 ਯੂਨਿਟ ਪਹਿਲਾ ਤੋਂ ਹੀ ਸੀ ਬੰਦ ਸਨ ਅਤੇ ਹੁਣ ਤਲਵੰਡੀ ਸਾਬੋ ਦੇ ਪਾਵਰ ਪਲਾਂਟ ਦੇ ਤਿੰਨੇ ਯੂਨਿਟ ਬੰਦ ਹੋ ਗਏ ਹਨ। ਇਥੇ ਇਹ ਵੀ ਦਸ ਦਈਏ ਕਿ ਤੀਜਾ ਯੂਨਿਟ ਅੱਧੀ ਸਮਰੱਥਾ 'ਤੇ ਕੰਮ ਕਰ ਰਿਹਾ ਸੀ। ਦੱਸਣਯੋਗ ਹੈ ਕਿ ਤਲਵੰਡੀ ਸਾਬੋ ਥਰਮਲ ਪਲਾਂਟ 1980 ਮੈਗਾਵਾਟ ਦਾ ਪਲਾਂਟ ਹੈ, ਜਿਸ ਦੇ ਤਿੰਨ 660 ਮੈਗਾਵਾਟ ਹਰੇਕ ਸਮਰੱਥਾ ਦੇ ਯੂਨਿਟ ਹਨ। ਇਸ ਤੋਂ ਪਹਿਲਾਂ ਵੀ ਰੋਪਟ ਥਰਮਲ ਪਲਾਂਟ ਦਾ ਯੁਨਿਟ ਬੰਦ ਹੋ ਗਿਆ ਸੀ ਅਤੇ ਨਾਲ ਹੀ ਰਣਜੀਤ ਸਾਗਰ ਡੈਮ ਉਪਰ ਵੀ ਸੰਕਟ ਚਲ ਰਿਹਾ ਹੈ। ਇਸ ਹਿਸਾਬ ਨਾਲ ਹੁਣ ਤਲਵੰਡੀ ਸਾਬੋ ਪਲਾਂਟ ਤੇ ਰੋਪੜ ਯੂਨਿਟ ਦੇ ਬੰਦ ਹੋਣ ਕਾਰਨ ਪਾਵਰਕਾਮ ਨੂੰ 2190 ਮੈਗਾਵਾਟ ਬਿਜਲੀ ਸਪਲਾਈ ਮਿਲਣੀ ਬੰਦ ਹੋ ਗਈ ਹੈ। ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਪਲਾਂਟ ਦਾ ਇਕ ਯੂਨਿਟ ਮਾਰਚ ਦੇ ਸ਼ੁਰੂ ’ਚ 8 ਤਾਰੀਖ਼ ਨੂੰ ਬੰਦ ਹੋ ਗਿਆ ਸੀ। ਦੂਜਾ ਯੂਨਿਟ 4 ਜੁਲਾਈ ਤੋਂ ਬੰਦ ਹੈ, ਜਦੋਂ ਕਿ ਤੀਜਾ ਯੂਨਿਟ ਬੀਤੀ ਸ਼ਾਮ 4 ਵਜੇ ਬੰਦ ਹੋ ਗਿਆ। ਇਕ ਤਾਂ ਪੈ ਰਹੀ ਅਤਿ ਦੀ ਗਰਮੀ ਅਤੇ ਉਪਰੋਂ ਝੋਨੇ ਦੇ ਸੀਜ਼ਨ ਵਿਚ ਗੰਭੀਰ ਹਾਲਾਤ ਬਣ ਗਏ ਹਨ। ਭਾਵੇਂ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਇਸ ਪਲਾਂਟ ਦੇ ਪਹਿਲੇ ਯੂਨਿਟ ਦੇ ਬੰਦ ਹੋਣ ਨੂੰ ਲੈ ਕੇ ਇਸ ਨੂੰ ਨੋਟਿਸ ਦਿੱਤਾ ਹੋਇਆ ਹੈ ਪਰ ਇਸ ਪਲਾਂਟ ਨਾਲ ਪਾਵਰਕਾਮ ਕਿਸ ਤਰੀਕੇ ਨਜਿੱਠਦਾ ਹੈ, ਇਸ ’ਤੇ ਸਮੁੱਚੇ ਪੰਜਾਬ ਦੀ ਨਜ਼ਰ ਹੋਵੇਗੀ। ਇਹ ਵੀ ਦੱਸਣਯੋਗ ਹੈ ਕਿ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਯੂਨਿਟ ਨੰਬਰ-3 ਬੰਦ ਹੈ, ਜੋ 9 ਜੁਲਾਈ ਨੂੰ ਦੇਰ ਸ਼ਾਮ ਤੱਕ ਚਾਲੂ ਨਹੀਂ ਹੋ ਸਕਿਆ ਸੀ। ਇਸ ਦੌਰਾਨ ਹਾਈਡਲ ਦੇ ਖੇਤਰ ’ਚ ਰਣਜੀਤ ਸਾਗਰ ਡੈਮ ਦਾ ਵੀ ਇਕ ਯੂਨਿਟ ਕਾਫੀ ਦਿਨਾਂ ਤੋਂ ਬੰਦ ਪਿਆ ਹੈ। ਰੋਪੜ ਦਾ ਯੂਨਿਟ 210 ਮੈਗਾਵਾਟ ਦਾ ਹੈ। ਪੰਜਾਬ ਦੀ ਪੀਕ ਲੋਡ ਵੇਲੇ ਦੀ ਮੰਗ ਪੂਰੀ ਕਰਨ ’ਚ ਪ੍ਰਾਈਵੇਟ ਤੇ ਥਰਮਲ ਦੋਵੇਂ ਫੇਲ੍ਹ ਹੁੰਦੇ ਨਜ਼ਰੀਂ ਪੈ ਰਹੇ ਹਨ।