ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੀ ਪਸੰਦ ਦੇ ਅਜਿਹੇ ਲੋਕਾਂ ਨੂੰ ਪਦਮ ਪੁਰਸਕਾਰਾਂ ਲਈ ਨਾਮਜ਼ਦਗੀ ਕਰਨ ਜੋ ਜ਼ਮੀਨੀ ਪੱਧਰ ’ਤੇ ਅਸਾਧਾਰਣ ਕੰਮ ਕਰ ਰਹੇ ਹਨ। ਮੋਦੀ ਨੇ ਟਵਿਟਰ ’ਤੇ ਕਿਹਾ ਕਿ ਭਾਰਤ ਵਿਚ ਜ਼ਮੀਨੀ ਪੱਧਰ ’ਤੇ ਅਸਾਧਾਰਣ ਕੰਮ ਕਰਨ ਵਾਲੇ ਕਈ ਲੋਕ ਹਨ ਪਰ ਉਨ੍ਹਾਂ ਬਾਰੇ ਬਹੁਤ ਜ਼ਿਆਦਾ ਲੋਕ ਅਕਸਰ ਜਾਣਦੇ ਨਹੀਂ ਹਨ। ਉਨ੍ਹਾਂ ਪੁਰਸਕਾਰ ਲਈ ਵੈਬਸਾਈਟ ਦਾ Çਲੰਕ ਸਾਂਝਾ ਕਰਦਿਆਂ ਟਵਿਟਰ ’ਤੇ ਕਿਹਾ, ‘ਭਾਰਤ ਵਿਚ ਕਈ ਪ੍ਰਤਿਭਾਸ਼ਾਲੀ ਲੋਕ ਹਨ ਜੋ ਜ਼ਮੀਨੀ ਪੱਧਰ ’ਤੇ ਆਸਾਧਾਰਣ ਕੰਮ ਕਰ ਰਹੇ ਹਨ। ਅਕਸਰ, ਸਾਨੂੰ ਉਨ੍ਹਾਂ ਬਾਰੇ ਜ਼ਿਆਦਾ ਵੇਖਣ ਜਾਂ ਸੁਣਨ ਨੂੰ ਨਹੀਂ ਮਿਲਦਾ। ਕੀ ਤੁਸੀਂ ਅਜਿਹੇ ਪ੍ਰੇਰਕ ਲੋਕਾਂ ਨੂੰ ਜਾਣਦੇ ਹੋ? ਤੁਸੀਂ ਉਨ੍ਹਾਂ ਨੂੰ ਪਦਮ ਪੁਰਸਕਾਰ ਲਈ ਨਾਮਜ਼ਦ ਕਰ ਸਕਦੇ ਹੋ। ਨਾਮਜ਼ਦਗੀ 15 ਸਤੰਬਰ ਤਕ ਖੁਲ੍ਹੀ ਹੈ।’ ਪਦਮ ਪੁਰਸਕਾਰ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ੍ਰੀ ਦੇਸ਼ ਦੇ ਸਰਬਉਚ ਨਾਗਰਿਕ ਸਨਮਾਨ ਹਨ। ਪਿਛਲੇ ਕੁਝ ਸਾਲਾਂ ਵਿਚ ਮੋਦੀ ਸਰਕਾਰ ਨੇ ਸੈਂਕੜੇ ਗੁਮਨਾਕ ਨਾਇਕਾਂ ਨੂੰ ਵੱਖ ਵੱਖ ਖੇਤਰਾਂ ਵਿਚ ਉਨ੍ਹਾਂ ਦੀ ਪ੍ਰਾਪਤੀ ਅਤੇ ਸਮਾਜ ਵਿਚ ਉਨ੍ਹਾਂ ਦੇ ਯੋਗਦਾਨ ਲਈ ਪਦਮ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਹੈ। 1954 ਵਿਚ ਸ਼ੁਰੂ ਕੀਤੇ ਗਏ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਗਣਤੰਤਰ ਦਿਵਸ ਦੇ ਮੌਕੇ ’ਤੇ ਕੀਤਾ ਜਾਂਦਾ ਹੈ।