ਨਵੀਂ ਦਿੱਲੀ : ਦਿੱਲੀ ਵਿਚ ਐਤਵਾਰ ਨੂੰ ਅਨਲਾਕ-7 ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿਤੇ ਗਏ। ਇਕ ਹੋਰ ਸਹੂਲਤ ਦਿੰਦਿਆਂ 50 ਫ਼ੀਸਦੀ ਸਮਰੱਥਾ ਨਾਲ ਕਿਸੇ ਵੀ ਤਰ੍ਹਾਂ ਦੇ ਟਰੇਨਿੰਗ ਸੈਂਟਰ ਨੂੰ ਖੋਲ੍ਹਣ ਦੀ ਛੋਟ ਦੇ ਦਿਤੀ ਗਈ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਕੂਲ-ਕਾਲਜ ਵਿਚ ਟਰੇਨਿੰਗ, ਸਕਿੱਲ ਡਿਵੈਲਪਮੈਂਟ ਦੀ ਟਰੇਨਿੰਗ ਸਮੇਤ ਪੁਲਿਸ ਅਤੇ ਆਰਮੀ ਦੀ ਟਰੇਨਿੰਗ ਦੇਣ ਵਾਲੇ ਸੈਂਟਰਾਂ ਨੂੰ ਆਗਿਆ ਲੈਣ ਦੀ ਲੋੜ ਨਹੀਂ ਪਵੇਗੀ। ਇਸ ਦੇ ਇਲਾਵਾ ਅਕਾਦਮਿਕ ਪ੍ਰੋਗਰਾਮ ਤਹਿਤ ਹੋਣ ਵਾਲੇ ਇਕੱਠੇ ਲਈ ਵੀ ਆਗਿਆ ਨਹੀਂ ਲੈਣੀ ਪਵੇਗੀ। ਇਸ ਵਿਚ ਸਕੂਲ, ਕਾਲਜ ਨਾਲ ਜੁੜੀ ਮੀਟਿੰਗ ਵੀ ਸ਼ਾਮਲ ਹੈ। ਸਿਨੇਮਾ ਘਰ, ਥੀਏਟਰ, ਮਲਟੀਪਲੈਕਸ, ਬੈਂਕਉਟ ਹਾਲ, ਆਡੀਟੋਰੀਅਮ ਅਤੇ ਸਕੂਲ, ਕਾਲਜ ਖੋਲ੍ਹੇ ਜਾਣ ’ਤੇ ਪਾਬੰਦੀ ਹਾਲੇ ਵੀ ਜਾਰੀ ਹੈ। ਇਸ ਦੇ ਨਾਲ ਹੀ ਸਮਾਜਕ, ਰਾਜਸੀ ਇਕੱਠਾਂ ’ਤੇ ਵੀ ਰੋਕ ਹੈ। ਯੋਗਾ ਸੈਂਟਰ ਅਤੇ ਜਿਮ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਵਿਆਹਾਂ ਵਿਚ 50 ਜਣੇ ਮੌਜੂਦ ਰਹਿ ਸਕਣਗੇ। ਸਰਕਾਰੀ ਦਫ਼ਤਰ, ਖ਼ੁਦਮੁਖ਼ਤਾਰ ਅਦਾਰੇ, ਜਨਤਕ ਖੇਤਰ ਦੇ ਅਦਾਰੇ, ਕਾਰਪੋਰੇਸ਼ਨ ਨੂੰ 100 ਫ਼ੀਸਦੀ ਸਟਾਫ਼ ਨਾਲ ਖੋਲਿ੍ਹਆ ਜਾ ਸਕੇਗਾ। ਪ੍ਰਾਈਵੇਟ ਦਫ਼ਤਰਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ 50 ਫ਼ੀਸ ਦੀ ਸਟਾਫ਼ ਨਾਲ ਖੋਲ੍ਹੇ ਜਾ ਸਕਦੇ ਹਨ। ਦੁਕਾਨਾਂ, ਰੈਜ਼ੀਡੈਂਟ ਕੰਪਲੈਕਸ, ਰਾਸ਼ਨ ਸਟੋਰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤਕ ਖੋਲ੍ਹੇ ਜਾ ਸਕਣਗੇ। ਆਗਿਆ ਪ੍ਰਾਪਤ ਹਫ਼ਤਾਵਾਰੀ ਬਾਜ਼ਾਰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ। ਸਟੇਡੀਅਮ ਅਤੇ ਸਪੋਰਟਸ ਕੰਪਲੈਕਸ, ਟਰੇਨਿੰਗ ਸੈਂਟਰ ਖੋਲ੍ਹੇ ਜਾ ਸਕਦੇ ਹਨ। ਸਕੂਲ, ਕਾਲਜ, ਵਿਦਿਅਕ ਸਥਾਨ, ਕੋਚਿੰਗ ਇੰਸਟੀਚਿਊਟ, ਸਮਾਜਕ, ਧਾਰਮਕ, ਮਨੋਰੰਜਨ, ਸਭਿਆਚਾਰਕ ਅਤੇ ਧਾਰਮਕ ਪ੍ਰੋਗਰਾਮ ’ਤੇ ਪਾਬੰਦੀ ਰਹੇਗੀ।