ਲਖਨਊ : ਲਖਨਊ ਦੇ ਕਾਕੋਰੀ ਥਾਣਾ ਖੇਤਰ ਦੇ ਦੁਬੰਗਾ ਇਲਾਕੇ ਵਿਚ ਯੂਪੀ ਏ.ਟੀ.ਐਸ. ਨੇ ਤਲਾਸ਼ੀ ਮੁਹਿੰਮ ਚਲਾ ਕੇ ਅਲਕਾਇਦਾ ਨਾਲ ਜੁੜੇ ਦੋ ਸ਼ੱਕੀ ਅਤਿਵਾਦੀਆਂ ਨੂੰ ਫੜਿਆ ਹੈ ਜਦਕਿ 5 ਫ਼ਰਾਰ ਦੱਸੇ ਜਾ ਰਹੇ ਹਨ। ਪੁਲਿਸ ਨੇ ਇਕ ਗੈਰਾਜ ਵਿਚ ਅਲਕਾਇਦਾ ਨਾਲ ਜੁੜੇ ਅਤਿਵਾਦੀ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਯੂਪੀ ਦੇ ਏਡੀਜੀ ਪ੍ਰਸ਼ਾਂਤ ਕੁਮਾਰ ਨੇ ਦਸਿਆ ਕਿ ਏਟੀਐਸ ਨੇ ਅਨਸਾਰ ਗਜਵਾਤੁਲ ਹਿੰਦ ਦੇ 2 ਅਤਿਵਾਦੀਆਂ ਮਿਨਹਾਜ ਅਹਿਮਦ ਅਤੇ ਮਸੀਰੂਦੀਨ ਉਰਫ਼ ਮੁਸ਼ੀਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅਤਿਾਵਦੀ 15 ਅਗਸਤ ਦੇ ਨੇੜੇ ਤੇੜ ਫ਼ਿਦਾਈਨ ਹਮਲਾ ਕਰਨਾ ਚਾਹੁੰਦੇ ਸਨ। ਲਖਨਊ ਸਮੇਤ ਯੂਪੀ ਦੇ 6 ਜ਼ਿਲ੍ਹੇ ਇਨ੍ਹਾਂ ਦੇ ਨਿਸ਼ਾਨੇ ’ਤੇ ਸਨ। ਪ੍ਰਸ਼ਾਂਤ ਕੁਮਾਰ ਨੇ ਦਸਿਆ ਕਿ ਖ਼ਬਰ ਮਿਲੀ ਸੀ ਕਿ ਅਲਕਾਇਦਾ ਨੇ ਉਮਰ ਹਲਮੰਡੀ ਨੂੰ ਭਾਰਤ ਵਿਚ ਅਤਿਵਾਦ ਫੈਲਾਉਣ ਦੇ ਹੁਕਮ ਦਿਤੇ ਹਨ। ਉਹ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿਚ ਅਤਿਵਾਦੀ ਗਤੀਵਿਧੀਆਂ ਚਲਾਉਂਦਾ ਹੈ। ਪੁਲਿਸ ਦੇ ਕਮਾਂਡੋਆਂ ਨੇ 3 ਘਰਾਂ ਵਿਚ ਤਲਾਸ਼ੀ ਲਈ। ਹਾਲੇ ਤਕ ਭਾਰੀ ਮਾਤਰਾ ਵਿਚ ਗੋਲਾ-ਬਾਰੂਦ ਬਰਾਮਦ ਹੋਇਆ ਹੈ ਜਿਸ ਵਿਚ ਕੁੱਕਰ ਅਤੇ ਟਾਈਮਰ ਬੰਬ ਸ਼ਾਮਲ ਹਨ ਜਿਨ੍ਹਾਂ ਜ਼ਰੀਏ ਧਮਾਕੇ ਕੀਤੇ ਜਾਣੇ ਸਨ। ਪ੍ਰਸ਼ਾਂਤ ਕੁਮਾਰ ਮੁਤਾਬਕ ਇਹ ਅਤਿਵਾਦੀ ਆਜ਼ਾਦੀ ਦਿਵਸ ਦੇ ਨੇੜੇ ਤੇੜੇ ਭੀੜ ਵਾਲੇ ਇਲਾਕਿਟਾਂ ਵਿਚ ਧਮਾਕੇ ਕਰਨ, ਮਨੁੱਖੀ ਬੰਬ ਨਾਲ ਅਤਿਵਾਦੀ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ। ਇਸ ਵਾਸਤੇ ਉਨ੍ਹਾਂ ਵਿਸਫੋਟਕ ਵੀ ਜਮ੍ਹਾਂ ਕੀਤੇ ਹੋਏ ਸਨ। ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਅਤਿਵਾਦੀ ਮਕਾਨ ਵਿਚ ਲੁਕੇ ਹੋਏ ਸਨ। ਪੁਲਿਸ ਨੇ ਘਰ ਦੇ ਆਲੇ ਦੁਆਲੇ ਭਾਰੀ ਫ਼ੋਰਸ ਤੈਨਾਤ ਕਰ ਦਿਤੀ। ਦੋਹਾਂ ਕੋਲੋਂ ਪੁੱਛਗਿਛ ਹੋ ਰਹੀ ਹੈ। ਪਤਾ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨਾਲ ਹੋਰ ਕੌਣ ਸਨ ਅਤੇ ਫ਼ਰਾਰ ਅਤਿਵਾਦੀ ਕਿਥੇ ਗਏ ਹੋ ਸਕਦੇ ਹਨ। ਅਤਿਵਾਦੀਆਂ ਦੀ ਗ੍ਰਿਫ਼ਤਾਰੀ ਨੂੰ ਪੁਲਿਸ ਦੀ ਵੱਡੀ ਕਾਮਯਾਬੀ ਦਸਿਆ ਜਾ ਰਿਹਾ ਹੈ।