ਗਾਂਧੀਨਗਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਹਿਮਦਾਬਾਦ ਦੌਰਾ ਪੁਲਿਸ ਦੀ ਅਪੀਲ ਕਾਰਨ ਚਰਚਾ ਵਿਚ ਹੈ। ਅਹਿਮਦਾਬਾਦ ਪੁਲਿਸ ਨੇ ਸ਼ਾਹ ਦੇ ਬੇਜਲਪੁਰ ਇਲਾਕੇ ਵਿਚ ਦੌਰੇ ਦੌਰਾਨ ਲੋਕਾਂ ਨੂੰ ਤਾਕੀਆਂ, ਦਰਵਾਜ਼ੇ ਬੰਦ ਕਰਨ ਲਈ ਆਖਿਆ। ਗ੍ਰਹਿ ਮੰਤਰੀ ਇਥੇ ਕਮਿਊਨਿਟੀ ਹਾਲ ਦਾ ਉਦਘਾਟਨ ਕਰਨ ਆਏ ਸਨ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਬੇਜਲਪੁਰ ਥਾਣਾ ਪੁਲਿਸ ਇੰਸਪੈਕਟਰ ਐਲ ਡੀ ਓਡੇਡਰਾ ਨੇ ਸਵਾਮੀਨਾਰਾਇਣ ਸਵਾਤੀ ਸੁਸਾਇਟੀ ਅਤੇ ਬੇਜਲਪੁਰ ਕਮਿਊਨਿਟੀ ਹਾਲ ਦੇ ਆਲੇ ਦੁਆਲੇ ਦੇ ਹੋਰ ਲੋਕਾਂ ਨੂੰ ਅਪਣੇ ਘਰ ਦੀਆਂ ਤਾਕੀਆਂ ਅਤੇ ਦਰਵਾਜ਼ੇ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਥਾਨਕ ਵਾਸੀਆਂ ਨੂੰ ਲਿਖੇ ਪੱਤਰ ਵਿਚ ਕਿਹਾ, ‘ਜਿਵੇਂ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੇਜਲਪੁਰ ਕਮਿਊਨਿਟੀ ਹਾਲ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਹਨ ਅਤੇ ਕਿਉਂਕਿ ਉਨ੍ਹਾਂ ਨੂੰ ਜ਼ੈਡ ਪਲੱਸ ਸੁਰੱਖਿਆ ਪ੍ਰਾਪਤ ਹੈ, ਇਸ ਲਈ ਅਸੀਂ ਸਾਰੇ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਐਤਵਾਰ ਨੂੰ 10 ਤੋਂ ਦੁਪਹਿਰ 1 ਵਜੇ ਤਕ ਹਾਲ ਦੇ ਸਾਹਮਣੀ ਅਪਣੀਆਂ ਤਾਕੀਆਂ ਅਤੇ ਦਰਵਾਜ਼ੇ ਬੰਦ ਕਰ ਦੇਣ।’ ਉਨ੍ਹਾਂ ਕਿਹਾ, ‘ਇਹ ਸਿਰਫ਼ ਅਪੀਲ ਹੈ, ਇਹ ਕੋਈ ਹੁਕਮ ਨਹੀਂ ਹੈ। ਅਸੀਂ ਨਿਗਰਾਨੀ ਨੂੰ ਆਸਾਨ ਬਣਾਉਣ ਲਈ ਨਾਗਰਿਕਾਂ ਨੂੰ ਬੇਨਤੀ ਕੀਤੀ ਹੈ। ਜੇ ਹਾਲ ਦੇ ਸਾਹਮਣੇ ਤਾਕੀਆਂ ਅਤੇ ਦਰਵਾਜ਼ੇ ਬੰਦ ਹਨ ਤਾਂ ਸਾਡੇ ਕੋਲ ਸੁਰੱਖਿਆ ਲਈ ਨਿਗਰਾਨੀ ਵਾਸਤੇ ਘੱਟ ਖੇਤਰ ਹੋਣਗੇ, ਇਹੋ ਉਦੇਸ਼ ਸੀ, ਹੋਰ ਕੁਝ ਨਹੀਂ।’ ਇਹ ਪੁੱਛੇ ਜਾਣ ’ਤੇ ਕਿ ਕੀ ਇਸ ਪੱਤਰ ਦੇ ਸਬੰਧ ਵਿਚ ਉਨ੍ਹਾਂ ਨੂੰ ਕੋਈ ਨਿਰਦੇਸ਼ ਜਾਰੀ ਕੀਤਾ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਅਜਿਹਾ ਕੋਈ ਨਿਰਦੇਸ਼ ਪ੍ਰਾਪਤ ਨਹੀਂ ਹੋਇਆ। ਸ਼ਾਹ ਦੋ ਦਿਨਾ ਦੌਰੇ ’ਤੇ ਅਹਿਮਦਾਬਾਦ ਪੁੱਜੇ ਹਨ।