ਧਰਮਸ਼ਾਲਾ : ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸ਼ਹਿਰ ਵਿਚ ਭਾਗਸੂ ਨਾਗ ਵਿਚ ਬੱਦਲ ਫਟਣ ਨਾਲ ਤਬਾਹੀ ਮਚ ਗਈ। ਧਰਮਸ਼ਾਲਾ ਦੇ ਮਕਲੋਡਗੰਜ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਫਾਗਸੂ ਵਿਚ ਅੱਜ ਸਵੇਰੇ ਬੱਦਲ ਫਟ ਗਿਆ ਜਿਸ ਕਾਰਨ ਪਾਣੀ ਦਾ ਪੱਧਰ ਵਧ ਗਿਆ। ਇਸ ਨਾਲ ਕਈ ਘਰਾਂ ਅਤੇ ਹੋਟਲਾਂ ਨੂੰ ਨੁਕਸਾਨ ਪੁੱਜਾ ਹੈ। ਇਥੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੀਆਂ ਗੱਡੀਆਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ। ਇਸ ਹਾਦਸੇ ਵਿਚ ਦੋ ਜਣੇ ਲਾਪਤਾ ਵੀ ਹੋ ਗਏ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਕਾਂਗੜਾ ਦੇ ਡਿਪਟੀ ਕਮਿਸ਼ਨਰ ਨਿਪੁਨ ਜਿੰਦਲ ਨੇ ਕਿਹਾ ਕਿ ਇਸ ਘਟਨਾ ਵਿਚ ਦੋ ਜਣਿਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਇਹ ਭਾਰੀ ਮੀਂਹ ਕਾਰਨ ਹੜ੍ਹ ਆਉਣ ਦੀ ਘਟਨਾ ਹੈ। ਪਾਣੀ ਦੇ ਤੇਜ਼ ਵਹਾਅ ਵਿਚ ਕਈ ਗੱਡੀਆਂ ਨਾਲਿਆਂ ਵਿਚ ਰੁੜ੍ਹਦੀਆਂ ਨਜ਼ਰ ਆਈਆਂ। ਬੱਦਲ ਫਟਣ ਨਾਲ ਮਾਂਝੀ ਨਦੀ ਵਿਚ ਹੜ੍ਹਆ ਗਿਆ। ਇਨ੍ਹੀਂ ਦਿਨੀਂ ਧਰਮਸ਼ਾਲਾ ਵਿਚ ਸੈਲਾਨੀਆਂ ਦੀ ਭੀੜ ਹੈ। ਜਿਸ ਵੇਲੇ ਇਹ ਘਟਨਾ ਵਾਪਰੀ, ਉਣੋਂ ਭਾਰੀ ਭੀੜ ਭਾਗਸੂ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਮੌਜੂਦ ਸੀ। ਕਰੀਬ ਇਕ ਮਹੀਨੇ ਤਕ ਸ਼ਾਂਤ ਰਿਹਾ ਮਾਨਸੂਨ ਫਿਰ ਸਰਗਰਮ ਹੋ ਗਿਆ ਹੈ। ਉਧਰ, ਜੰਮੂ ਕਸ਼ਮੀਰ ਵਿਚ ਵੀ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਸ਼ਿਮਲਾ ਸਮੇਤ ਕਈ ਜ਼ਿਲਿ੍ਹਆਂ ਵਿਚ ਐਤਵਾਰ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਨਦੀ-ਨਾਲੇ ਉਛਲ ਰਹੇ ਹਨ। ਕੁੱਲੂ ਦੀ ਸਰਵਰੀ ਨਦੀ ਵੀ ਉਫਾਨ ’ਤੇ ਹੈ। ਇਸ ਨਾਲ ਕੰਢੇ ਵਸੀਆਂ ਝੁੱਗੀਆਂ ਬਸਤੀਆਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਲੋਕਾਂ ਨੇ ਅਪਣੀਆਂ ਝੁੱਗੀਆਂ ਖਾਲੀ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ। ਸ਼ਿਮਲਾ ਵਿਚ ਭਾਰੀ ਮੀਂਹ ਬਾਅਦ ਝਾਕਰੀ ਅਤੇ ਰਾਮਪੁਰ ਤੋਂ ਲੰਘਣ ਵਾਲਾ ਨੈਸ਼ਨਲ ਹਾਈ ਵੇਅ ਬੰਦ ਹੋÇ ਗਆ। ਕੇਂਦਰੀ ਕਸ਼ਮੀਰ ਦੇ ਗਾਂਦਰਬਲ ਵਿਚ ਐਤਵਾਰ ਦੇਰ ਰਾਤ ਬੱਦਲ ਫਟਣ ਨਾਲ ਹੜ੍ਹ ਜਿਹੇ ਹਾਲਾਤ ਬਣ ਗਏ। ਇਥੇ ਘਰਾਂ ਵਿਚ ਪਾਣੀ ਵੜ ਗਿਆ।