ਸ੍ਰੀਨਗਰ : ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਇਕ ਵਾਰ ਫਿਰ ਧਾਰਾ 370 ਦੇ ਮਾਮਲੇ ਵਿਚ ਮੋਦੀ ਸਰਕਾਰ ’ਤੇ ਹੱਲਾ ਬੋਲਿਆ ਹੈ। ਮਹਿਬੂਬਾ ਨੇ ਕਿਹਾ ਕਿ ਧਾਰਾ 370, 35 ਏ ਅਤੇ ਹੱਦਬੰਦੀ ਕਾਨੂੰਨ ਕਿਸੇ ਵਿਦੇਸ਼ੀ ਦੇਸ਼ ਦੁਆਰਾ ਸਾਨੂੰ ਨਹੀਂ ਦਿਤੇ ਗਏ ਸਨ। ਇਸ ਤੋਂ ਪਹਿਲਾਂ ਕਿ ਰਾਸ਼ਟਰ ਸਾਨੂੰ ਇਹ ਦਿੰਦਾ, ਮਹਾਰਾਜਾ ਇਸ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਦੀ ਪਛਾਣ ਦੀ ਰਖਿਆ ਲਈ ਲਿਆਏ ਸਨ। ਜਦ ਲੋਕਾਂ ਨੇ ਭਾਰਤ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਇਹ ਕਾਨੂੰਨ ਹਨ ਜਿਨ੍ਹਾਂ ਨੂੰ ਬਰਕਰਾਰ ਰਖਣਾ ਹੈ। ਉਨ੍ਹਾਂ ਕਿਹਾ ਕਿ ਹੱਦਬੰਦੀ ਪੂਰੇ ਦੇਸ਼ ਵਿਚ 2026 ਵਿਚ ਹੋ ਰਹੀ ਹੈ ਤਾਂ ਇਥੇ ਕੀ ਜਲਦੀ ਹੈ? ਮੋਦੀ 20 ਮਿੰਟ ਪਾਰਟੀ ਨੂੰ ਮਿਲੇ ਤਾਂ ਕੀ 20 ਮਿੰਟ ਵਿਚ ਫ਼ੈਸਲਾ ਹੋ ਸਕਦਾ ਹੈ? ਇਸ ਦੇ ਬਾਅਦ ਮਹਿਬੂਬਾ ਨੇ ਕਿਾਹ ਕਿ ਇਸ ਦੇ ਖ਼ਤਮ ਹੋਣ ਨਾਲ ਅਜਿਹਾ ਲਗਦਾ ਹੈ ਕਿ ਇਸ ਦੇ ਪਿੱਛੇ ਇਕਮਾਤਰ ਮਕਸਦ ਜੰਮੂ ਕਸ਼ਮੀਰ ਨੂੰ ਲੁੱਟਣਾ ਸੀ। ਚਿਨਾਬ ਰੈਲੀ ਪਾਵਰ ਪ੍ਰਾਜੈਕਟ ਦੇ ਬਾਹਰ ਲੋਕਾਂ ਨੂੰ ਤਰਜੀਹ ਦਿਤੀ ਜਾ ਰਹੀ ਹੈ, ਸਾਡਾ ਪਾਣੀ ਅਤੇ ਬਿਜਲੀ ਬਾਹਰ ਜਾ ਰਹੇ ਹਨ। ਸਾਡੇ ਟਰਾਂਸਪੋਰਟਰ ਮੁਸ਼ਕਲ ਵਿਚ ਹਨ। ਇਥੇ ਕੋਈ ਨੀਤੀ ਨਹੀਂ ਹੈ, ਬੇਰੁਜ਼ਗਾਰੀ ਅਤੇ ਮਹਿੰਗਾਈ ਵਧ ਰਹੀ ਹੈ। ਉਨ੍ਹਾਂ ਮੋਦੀ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਪਹਿਲਾਂ ਉਹ ਕਹਿੰਦੇ ਸਨ ਕਿ ਜੰਮੂ ਕਸ਼ਮੀਰ ਪਿਛੜਿਆ ਹੋਇਆ ਹੈ ਪਰ ਅਸੀਂ ਕਈ ਸੂਚਕ ਅੰਕਾਂ ਵਿਚ ਅੱਗੇ ਹਾਂ।