ਨਵੀਂ ਦਿੱਲੀ : ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ ਦਾ ਆਯੋਜਨ 12 ਸਤੰਬਰ ਨੂੰ ਹੋਵੇਗਾ। ਇਸ ਲਈ ਵਿਦਿਆਰਥੀ ਕਲ 13 ਜੁਲਾਈ ਸ਼ਾਮ 5 ਵਜੇ ਤੋਂ ntaneet.nic.in ’ਤੇ ਜਾ ਕੇ ਅਰਜ਼ੀ ਦੇ ਸਕਣਗੇ। ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਇਹ ਐਲਾਨ ਕੀਤਾ। ਪਹਿਲਾਂ ਨੀਟ ਪ੍ਰੀਖਿਆ 1 ਅਗਸਤ ਨੂੰ ਹੋਣੀ ਸੀ ਪਰ ਕੋਵਿਡ-19 ਕਾਰਨ ਮੈਡੀਕਲ ਪ੍ਰਵੇਸ਼ ਪ੍ਰੀਖਿਆ ਅਤੇ ਇੰਜਨੀਅਰਿੰਗ ਪ੍ਰਵੇਸ਼ ਪ੍ਰੀਖਿਆ ਜੇਈਈ ਮੇਨ ਦੋਹਾਂ ਦਾ ਇਮਤਿਹਾਨ ਸ਼ਡਿਊਲ ਅੱਗੇ ਵਧਾਇਆ ਗਿਆ ਹੈ। ਨੀਟ ਪ੍ਰੀਖਿਆ ਜ਼ਰੀਏ ਵਿਦਿਆਰਥੀ ਦੇਸ਼ ਭਰ ਦੇ ਮੈਡੀਕਲ ਕਾਲਜਾਂ ਵਿਚ ਐਮਬੀਬੀਐਸ, ਬੀਡੀਏ, ਬੀਏਐਮਐਸ ਸਮੇਤ ਵੱਖ ਵੱਖ ਕੋਰਸਾਂ ਵਿਚ ਦਾਖ਼ਲਾ ਲੈ ਸਕਦੇ ਹਨ। ਸਿਖਿਆ ਮੰਤਰੀ ਨੇ ਟਵਿਟਰ ’ਤੇ ਕਿਹਾ, ‘ਨੀਟ ਯੂਜੀ ਦਾ ਆਯੋਜਨ ਦੇਸ਼ ਭਰ ਵਿਚ ਕੋਵਿਡ ਪ੍ਰੋਟੋਕਾਲ ਨਾਲ 12 ਸਤੰਬਰ 2021 ਨੂੰ ਹੋਵੇਗਾ। ਅਰਜ਼ੀ ਦੀ ਪ੍ਰਕ੍ਰਿਆ ਐਨਟੀਏ ਵੈਬਸਾਈਟ ਜ਼ਰੀਏ ਕਲ ਸ਼ਾਮ 5 ਵਜੇ ਤੋਂ ਸ਼ੁਰੂ ਹੋਵੇਗੀ। ਨੀਟ ਇਮਤਿਹਾਨ ਸਮਾਜਕ ਦੂਰੀ ਦੇ ਨਾਲ ਕਰਾਈ ਜਾ ਸਕੇ। ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵੀ 3862 ਤੋਂ ਵਧਾ ਦਿਤੀ ਗਈ ਹੈ।