ਨਵੀਂ ਦਿੱਲੀ : ਯੂਪੀ ਦੀ ਰਾਜਧਾਨੀ ਲਖਨਊ ਵਿਚ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਅਲਕਾਇਦਾ ਦੇ ਵਿੰਗ ਅੰਸਾਰ ਅਲਕਾਇਦਾ ਹਿੰਦ ਦੇ ਅਤਿਵਾਦੀ ਮਿਨਹਾਜ ਅਹਿਮਦ ਅਤੇ ਮਸੀਰੂਦੀਨ ਉਰਫ਼ ਮਸ਼ੀਰ ਨੂੰ ਏਟੀਐਸ ਨੇ 14 ਦਿਨਾਂ ਦੇ ਰੀਮਾਂਡ ’ਤੇ ਲਿਆ ਹੈ। ਦੋਹਾਂ ਕੋਲੋਂ ਪੁੱਛ-ਪੜਤਾਲ ਵਿਚ ਕਈ ਅਹਿਮ ਖੁਲਾਸੇ ਹੋਏ ਹਨ। ਆਈ.ਬੀ. ਦੀ ਰੀਪੋਰਟ ਮੁਤਾਬਕ ਰਾਮ ਮੰਦਰ ਕੇਸ ਵਿਚ ਫ਼ੈਸਲਾ ਆਉਣ ਮਗਰੋਂ ਇਹ ਅਤਿਵਾਦੀ ਲੜੀਵਾਰ ਧਮਾਕੇ ਕਰਨ ਦੀ ਸਾਜ਼ਸ਼ ਰਚ ਰਹੇ ਸਨ। ਇਸ ਲਈ ਅਲਕਾਹਿਦਾ ਦਾ ਇਹ ਮਾਡਿਊਲ ਖੜਾ ਕੀਤਾ ਗਿਆ। ਇਸ ਲਈ ਪਹਿਲਾਂ ਨਵੇਂ ਮੁੰਡੇ ਭਰਤੀ ਕੀਤੇ ਗਏ, ਫਿਰ ਉਨ੍ਹਾਂ ਨੂੰ ਫ਼ਿਦਾਈਨ ਦਸਤੇ ਲਈ ਤਿਆਰ ਕੀਤਾ ਗਿਆ। ਇਨ੍ਹਾਂ ਨੂੰ ਘੱਟ ਪੈਸਿਆਂ ਵਿਚ ਬੰਬ ਬਣਾਉਣ ਲਈ ਵੀ ਸਿਖਲਾਈ ਦਿਤੀ ਗਈ। ਇਹ ਵੀ ਪਤਾ ਲੱਗਾ ਹੈ ਕਿ ਦਸਤੇ ਵਿਚ ਸ਼ਾਮਲ 7 ਮੁੰਡਿਆਂ ਨੇ ਦੋ ਸਾਲ ਪਹਿਲਾਂ ਅਯੋਧਿਆ ਵਿਚ ਬਾਈਕ ’ਤੇ ਘੁੰਮ ਕੇ ਰਾਮ ਜਨਮ ਭੂਮੀ ਦੀ ਰੇਕੀ ਕੀਤੀ ਸੀ। ਇਹ ਦੋਵੇਂ ਵੱਡੀ ਸਾਜ਼ਸ਼ ਰਚ ਰਹੇ ਸਨ। ਏਟੀਐਸ ਦਾ ਦਾਅਵਾ ਹੈ ਕਿ ਦੋਵੇਂ 15 ਅਗਸਤ ਨੂੰ ਧਮਾਕੇ ਕਰਨ ਦੀ ਕੋਸ਼ਿਸ਼ ਵਿਚ ਸਨ। ਇਨ੍ਹਾਂ ਦੋਹਾਂ ਨੂੰ ਏਜੀਐਚ ਦਾ ਯੂਪੀ ਕਮਾਂਡਰ ਸ਼ਕੀਲ ਹਦਾਇਤਾਂ ਦੇ ਰਿਹਾ ਸੀ। ਏਟੀਐਸ ਸ਼ਕੀਲ ਦੀ ਭਾਲ ਕਰ ਰਹੀ ਹੈ।