ਕਿਹਾ ‘ਆਪ’ ਨੇ ਮੇਰੀ ਸੋਚ ਤੇ ਕੰਮ ਨੂੰ ਹਮੇਸ਼ਾ ਦਿੱਤੀ ਮਾਨਤਾ
ਚੰਡੀਗੜ੍ਹ : ਨਵਜੋਤ ਸਿੱਧੂ ਦੇ ਨਵੇਂ ਟਵੀਟ ਨੇ ਸਿਆਸੀ ਗਲਿਆਰਿਆਂ ‘ਚ ਇਕ ਨਵੀਂ ਚਰਚਾ ਛੇੜ ਦਿਤੀ ਹੈ। ਸਿੱਧੂ ਨੇ ਆਪਣੇ ਟਵੀਟ ‘ਚ ਆਮ ਆਦਮੀ ਪਾਰਟੀ ਬਾਰੇ ਟਿਪਣੀ ਕੀਤੀ ਹੈ। ਸਿੱਧੂ ਨੇ ਟਵੀਟ ਕਰਕੇ ਲਿਖਿਆ ਕਿ, ਸਾਡੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਮੇਰੀ ਸੋਚ ਅਤੇ ਕੰਮ ਨੂੰ ਹਮੇਸ਼ਾ ਮਾਨਤਾ ਦਿੱਤੀ ਹੈ। ਇਹ ਚਾਹੇ 2017 ਤੋਂ ਪਹਿਲਾਂ ਬੇਅਦਬੀ, ਨਸ਼ਾ, ਕਿਸਾਨੀ, ਭ੍ਰਿਸ਼ਟਾਚਾਰ ਅਤੇ ਪੰਜਾਬ ਦੇ ਲੋਕਾਂ ਦਰਪੇਸ਼ ਬਿਜਲੀ ਸੰਕਟ ਹੋਵੇ ਜਾਂ ਅੱਜ ਜਦ ਮੈਂ ‘ਪੰਜਾਬ ਮਾਡਲ’ ਦੇ ਰਿਹਾ ਹਾਂ। ਸਿੱਧੂ ਨੇ ਲਿਖਿਆ ਉਨ੍ਹਾਂ ਨੂੰ ਪਤਾ ਹੈ ਕਿ, ਅਸਲ ‘ਚ ਪੰਜਾਬ ਲਈ ਕੌਣ ਲੜ ਰਿਹਾ ਹੈ। ਜੇਕਰ ਵਿਰੋਧੀ ਧਿਰ ਨੇ ਮੈਨੂੰ ਸਵਾਲ ਕਰਨ ਦੀ ਹਿੰਮਤ ਕੀਤੀ ਹੈ ਤਾਂ ਵੀ ਉਹ ਮੇਰੇ ‘ਪੰਜਾਬ ਪੱਖੀ ਏਜੰਡੇ’ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ, ਅਰਥਾਤ ਉਸਨੇ ਕੰਧ ‘ਤੇ ਲਿਖਿਆ ਪੜ੍ਹ ਲਿਆ ਹੈ ! ਦੱਸ ਦਈਏ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਦੇ ਮੁੱਦੇ ਤੇ ਟਵੀਟ ਕਰਨ ਲਈ ਕਿਹਾ ਸੀ। ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਵਿੱਚ ਤਿੰਨ ਪ੍ਰਾਈਵੇਟ ਬਿਜਲੀ ਕੰਪਨੀਆਂ ਨੇ ਬਿਜਲੀ ਪਲਾਂਟ ਸਥਾਪਤ ਕੀਤੇ ਹਨ ਅਤੇ ਕਾਂਗਰਸ ਪਾਰਟੀ ਨੇ ਇਨ੍ਹਾਂ ਸਾਰੀਆਂ ਕੰਪਨੀਆਂ ਤੋਂ 15.35 ਕਰੋੜ ਰੁਪਏ ਲਏ ਹਨ। ਇਹੀ ਕਾਰਨ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਨਹੀਂ ਕਰਦੀ ਕਿਉਂਕਿ ਬਿਜਲੀ ਕੰਪਨੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਦੇ ਘਰ ਤੱਕ ਪੈਸਿਆਂ ਦੀ ਵਰਖਾ ਕੀਤੀ ਹੋਈ ਹੈ।