ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਾੜੀ ਸੈਰਗਾਹਾਂ ਅਤੇ ਬਾਜ਼ਾਰਾਂ ਵਿਚ ਭਾਰੀ ਗਿਣਤੀ ਵਿਚ ਬਿਨਾਂ ਮਾਸਕ ਲਾਏ ਅਤੇ ਸਮਾਜਕ ਦੂਰੀ ਦੀ ਪਾਲਣਾ ਨਾ ਕਰਦੇ ਹੋਏ ਭੀੜ ਦਾ ਇਕੱਠਾ ਹੋਣਾ ਚਿੰਤਾ ਦਾ ਵਿਸ਼ਾ ਹੈ। ਅੱਠ ਉੱਤਰ ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦੀ ਤੀਜੀ ਲਹਿਰ ਨਾਲ ਲੜਨ ਲਈ ਸਾਨੂੰ ਟੀਕਾਕਰਨ ਮੁਹਿੰਮ ਨੂੰ ਲਗਾਤਾਰ ਵਧਾਉਂਦੇ ਰਹਿਣ ਦੀ ਲੋੜ ਹੈ। ਬੈਠਕ ਵਿਚ ਆਸਾਮ, ਨਾਗਾਲੈਂਡ, ਤ੍ਰਿਪੁਰਾ, ਸਿੱਕਮ, ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਦੇ ਮੁੱਖ ਮੰਤਰੀਆਂ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਮਨਸੁਖ ਮੰਡਾਵੀਆ ਅਤੇ ਹੋਰ ਲੋਕ ਸ਼ਾਮਲ ਹੋਏ। ਮੋਦੀ ਨੇ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਰੋਕਣ ਲਈ ਲੋਕਾਂ ਨੂੰ ਕੋਵਿਡ ਨਿਯਮਾਂ ਨਾਲ ਸਮਝੌਤਾ ਨਾ ਕਰਨ ਦੀ ਅਪੀਲ ਕੀਤੀ। ਮੋਦੀ ਨੇ ਕਿਹਾ, ‘ਇਹ ਸੱਚ ਹੈ ਕਿ ਕੋਰੋਨਾ ਦੇ ਕਾਰਨ ਸੈਰ ਸਪਾਟਾ ਅਤੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਪਰ ਮੈਂ ਅੱਜ ਜ਼ੋਰ ਦਿੰਦਿਆਂ ਇਹ ਕਹਿਣਾ ਚਾਹੁੰਦਾ ਹਾਂ ਕਿ ਪਹਾੜੀ ਸੈਰਗਾਹਾਂ ਅਤੇ ਬਾਜ਼ਾਰਾਂ ਵਿਚ ਬਿਨਾਂ ਮਾਸਕ ਤੋਂ ਭਾਰੀ ਭੀੜ ਦਾ ਜੁਟਣਾ ਸਹੀ ਨਹੀਂ ਹੈ।’ ਉਨ੍ਹਾਂ ਕਿਹਾ, ‘ਸਾਨੂੰ ਸਾਰਿਆਂ ਨੂੰ ਕੋਵਿਡ ਮਹਾਂਮਾਰੀ ਦੀ ਤੀਜੀ ਲਹਿਰ ਰੋਕਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।’ ਉਨ੍ਹਾਂ ਕਿਹਾ ਕਿ ਮਾਹਰ ਲਗਾਤਾਰ ਇਸ ਗੱਲ ਦਾ ਅਧਿਐਨ ਕਰ ਰਹੇ ਹਨ ਕਿ ਬਦਲਾਅ ਮਗਰੋਂ ਵਾਇਰਸ ਕਿੰਨੀ ਪ੍ਰੇਸ਼ਾਨੀ ਪੈਦਾ ਕਰਨ ਵਾਲਾ ਹੋ ਸਕਦਾ ਹੈ ਪਰ ਅਜਿਹੀਆਂ ਬਦਲਦੀਆਂ ਹਾਲਤਾਂ ਵਿਚ ਰੋਕਥਾਮ ਅਤੇ ਇਲਾਜ ਬੇਹੱਦ ਅਹਿਮ ਹਨ। ਮੋਦੀ ਨੇ ਕਿਹਾ, ‘ਸਾਨੂੰ ਜਾਂਚ ਅਤੇ ਇਲਾਜ ਨਾਲ ਜੁੜੀ ਢਾਂਚੇ ਵਿਚ ਸੁਧਾਰ ਕਰ ਕੇ ਅੱਗੇ ਵਧਣਾ ਪਵੇਗਾ। ਇਸ ਵਾਸਤੇ ਮੰਤਰੀ ਮੰਡਲ ਨੇ ਹਾਲ ਹੀ ਵਿਚ 23 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦੀ ਮਨਜ਼ੂਰੀ ਦਿਤੀ ਹੈ। ਉਤਰ ਪੂਰਬ ਦਾ ਹਰ ਰਾਜ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਸ ਪੈਕੇਜ ਦੀ ਮਦਦ ਲੈ ਸਕਦਾ ਹੈ।’ਉਨ੍ਹਾਂ ਕਿਹਾ ਕਿ ਉਤਰ ਪੂਰਬੀ ਰਾਜਾਂ ਦੇ ਕੁਝ ਜ਼ਿਲਿ੍ਹਆਂ ਵਿਚ ਕੋਵਿਡ ਦੀ ਹਾਲਤ ਚਿੰਤਾਜਨਕ ਹੈ ਅਤੇ ਮੁੱਖ ਮੰਤਰੀਆਂ ਨੂੰ ਚੌਕਸ ਰਹਿਣ ਤੇ ਇਸ ਦਾ ਪਸਾਰ ਰੋਕਣ ਲਈ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ।