ਜੈਪੁਰ: ਰਾਜਸਥਾਨ ਦੇ ਉਦੇਪੁਰ ਜ਼ਿਲ੍ਹੇ ਦੀ ਅਦਾਲਤ ਨੇ ਫ਼ਰਜ਼ੀ ਸਰਟੀਫ਼ੀਕੇਟ ’ਤੇ ਪਤਨੀ ਨੂੰ ਪੰਚਾਇਤ ਚੋਣ ਲੜਾਉਣ ਦੇ ਦੋਸ਼ ਹੇਠ ਸਲੁੰਬਰ ਤੋਂ ਭਾਜਪਾ ਵਿਧਾਇਕ ਅਮ੍ਰਿਤਲਾਲ ਮੀਣਾ ਨੂੰ ਜੇਲ ਭੇਜ ਦਿਤਾ ਹੈ। ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿਤੀ ਗਈ। ਮੀਣਾ ਨੇ ਇਸ ਮਾਮਲੇ ਵਿਚ ਅਦਾਲਤ ਵਿਚ ਆਤਮਸਮਰਪਣ ਕੀਤਾ ਸੀ। ਸਾਲ 2015 ਵਿਚ ਵਿਧਾਇਕ ਮੀਣਾ ਨੇ ਅਪਣੀ ਪਤਨੀ ਨੂੰ ਸੇਮਾਰੀ ਸਰਪੰਚ ਅਹੁਦੇ ਦੀ ਚੋਣ ਲੜਾਈ ਅਤੇ ਉਹ ਸਰਪੰਚ ਚੁਣੀ ਗਈ ਸੀ। ਸ਼ਾਂਤਾ ਦੇਵੀ ਦੀ ਵਿਰੋਧੀ ਉਮੀਦਵਾਰ ਸੁਗਨਾ ਦੇਵੀ ਨੇ ਸ਼ਾਂਤਾ ਦੇਵੀ ਦੀ ਪੰਜਵੀਂ ਜਮਾਤ ਦੀ ਫ਼ਰਜ਼ੀ ਮਾਰਕਸ਼ੀਟ ਬਾਬਤ ਸ਼ਿਕਾਇਤ ਦਰਜ ਕਰਾਈ ਸੀ। ਇਸ ਮਾਮਲੇ ਦੀ ਜਾਂਚ ਕਰਨ ’ਤੇ ਮਾਰਕਸ਼ੀਟ ਫ਼ਰਜ਼ੀ ਨਿਕਲੀ। ਦੇਵੀ ਵਿਰੁਧ ਚਾਰਜਸ਼ੀਟ ਦਾਖ਼ਲ ਕੀਤੀ ਗਈ ਅਤੇ ਹੁਣ ਉਹ ਜ਼ਮਾਨਤ ’ਤੇ ਬਾਹਰ ਹੈ। ਉਦੇਪੁਰ ਦੇ ਐਸਪੀ ਰਾਜੀਵ ਪਚਾਰ ਨੇ ਦਸਿਆ ਕਿ ਮੀਣਾ ਦੀ ਅੰਤਰਮ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਰੱਦ ਹੋ ਗਈ ਸੀ। ਮੀਣਾ ਨੇ ਕਲ ਅਦਾਲਤ ਅੱਗੇ ਆਤਮਸਮਰਪਣ ਕੀਤਾ ਸੀ। ਫ਼ਰਜ਼ੀ ਮਾਰਕਸ਼ੀਟ ਅਜਮੇਰ ਜ਼ਿਲ੍ਹੇ ਦੇ ਨਸੀਰਾਬਾਦ ਦੀ ਸੀ। ਸਰਕਾਰ ਨੇ ਪੰਚਾਇਤ ਚੋਣਾਂ ਲਈ ਘੱਟੋ ਘੱਟ ਵਿਦਿਅਕ ਯੋਗਤਾ ਨੂੰ ਲਾਗੂ ਕੀਤਾ ਸੀ। ਜ਼ਿਲ੍ਹਾ ਪੰਚਾਇਤ ਚੋਣਾਂ ਲਈ ਦਸਵੀਂ ਪਾਸ ਹੋਣਾ ਜ਼ਰੂਰੀ ਸੀ ਤੇ ਸਰਪੰਚ ਦੀ ਚੋਣ ਲਈ ਅੱਠਵੀਂ ਪਾਸ ਹੋਣਾ। ਇਹ ਨਿਯਮ ਪਿਛਲੀ ਵਸੁੰਦਰਾ ਰਾਜੇ ਸਰਕਾਰ ਨੇ ਲਾਗੂ ਕੀਤੇ ਸਨ ਹਾਲਾਂਕਿ ਅਸ਼ੋਕ ਗਹਿਲੋਤ ਸਰਕਾਰ ਨੇ ਇਸ ਫ਼ੈਸਲੇ ਨੂੰ ਪਲਟਦਿਆਂ ਪੁਰਾਣੇ ਨਿਯਮਾਂ ਨੂੰ ਲਾਗੂ ਕਰ ਦਿਤਾ ਸੀ।