ਨਵੀਂ ਦਿੱਲੀ: ਸਰਕਾਰ ਨੇ ਅੱਜ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਢੁਕਵੇਂ ਕੋਵਿਡ ਵਿਹਾਰ ਦੀ ਘੋਰ ਉਲੰਘਣਾ ਹੋ ਰਹੀ ਹੈ ਜੋ ਇਸ ਨੂੰ ਕਾਬੂ ਵਿਚ ਕਰਨ ਲਈ ਹੁਣ ਤਕ ਦੀ ਮਿਹਨਤ ’ਤੇ ਪਾਣੀ ਫੇਰ ਸਕਦਾ ਹੈ। ਦੇਸ਼ ਵਿਚ ਮਹਾਂਮਾਰੀ ਦੀ ਸਥਿਤੀ ਬਾਰੇ ਪੱਤਰਕਾਰ ਸੰਮੇਲਨ ਵਿਚ ਸਿਹਤ ਮੰਤਰਾਲੇ ਵਿਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਲੋਕ ਤੀਜੀ ਲਹਿਰ ਦੇ ਬਾਰੇ ਹਾਲੇ ਵੀ ਭੁਲੇਖੇ ਵਿਚ ਹਨ ਪਰ ਇਹ ਸਮਝਣ ਵਿਚ ਨਾਕਾਮ ਰਹਿੰਦੇ ਹਨ ਕਿ ਢੁਕਵੇਂ ਕੋਵਿਡ ਵਿਹਾਰ ਦੀ ਪਾਲਣਾ ਜਾਂ ਇਸ ਦੀ ਕਮੀ ਹੀ ਭਵਿੱਖ ਦੀਆਂ ਲਹਿਰਾਂ ਨੂੰ ਰੋਕੇਗੀ ਜਾਂ ਪੈਦਾ ਕਰੇਗੀ। ਪੱਤਰਕਾਰ ਸੰਮੇਲਨ ਵਿਚ ਮੌਜੂਦ ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਪਾਲ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ, ਕੋਵਿਡ ਦੀ ਤੀਜੀ ਲਹਿਰ ਵੇਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਹ ਯਕੀਨੀ ਕਰਨ ਲਈ ਯਤਨ ਕਰਨ ਦਾ ਸੱਦਾ ਦਿਤਾ ਜਾਂਦਾ ਹੈ ਕਿ ਇਹ ਭਾਰਤ ਵਿਚ ਨਾ ਹੋਵੇ। ਅਗਰਵਾਲ ਨੇ ਕਿਹਾ ਕਿ ਜੁਲਾਈ ਵਿਚ ਹੁਣ ਤਕ ਦਰਜ ਕੀਤੇ ਗਏ ਕੋਵਿਡ ਦੇ ਨਵੇਂ ਮਾਮਲਿਆਂ ਵਿਚੋਂ ਲਗਭਗ 73 ਫ਼ੀਸਦੀ ਕੇਰਲਾ, ਮਹਾਰਾਸ਼ਟਰ, ਤਾਮਿਲਨਾਡੂ, ਉੜੀਸਾ, ਆਂਧਰਾ ਪ੍ਰਦੇਸ਼ ਤੋਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ 55 ਜ਼ਿਲਿ੍ਹਆਂ ਵਿਚ 13 ਜੁਲਾਈ ਨੂੰ ਖ਼ਤਮ ਹਫ਼ਤੇ ਲਈ ਕੋਵਿਡ ਲਾਗ ਦੀ ਦਰ 10 ਫ਼ੀਸਦੀ ਤੋਂ ਜ਼ਿਆਦਾ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਕੋਵਿਡ 19 ਪ੍ਰਬੰਧਲ ਵਿਚ ਮਦਦ ਕਰਨ ਲਈ ਮਹਾਰਾਸ਼ਟਰ, ਛੱਤੀਸਗੜ੍ਹ, ਆਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਮਣੀਪੁਰ, ਨਾਗਾਲੈਂਡ ਅਤੇ ਤ੍ਰਿਪੁਰਾ ਵਿਚ ਕੇਂਦਰੀ ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ। ਭਾਰਤ ਵਿਚ ਅੱਜ ਇਕ ਦਿਨ ਵਿਚ ਲਾਗ ਨਾਲ ਮੌਤ ਦੇ 2020 ਮਾਮਲੇ ਸਾਹਮਣੇ ਆਏ ਅਤੇ ਮ੍ਰਿਤਕ ਗਿਣਤੀ ਵੱਧ ਕੇ 410784 ਹੋ ਗਈ।