ਨਵੀਂ ਦਿੱਲੀ : ਦੇਸ਼ ਦੀ ਪਹਿਲੀ ਕੋਵਿਡ ਮਰੀਜ਼ ਮੁੜ ਬੀਮਾਰੀ ਦੀ ਲਪੇਟ ਵਿਚ ਆ ਗਈ ਹੈ। ਉਹ ਕੇਰਲਾ ਦੀ ਰਹਿਣ ਵਾਲੀ ਹੈ ਅਤੇ ਚੀਨ ਦੇ ਵੁਹਾਨ ਸ਼ਹਿਰ ਵਿਚ ਮੈਡੀਕਲ ਦੀ ਪੜ੍ਹਾਈ ਕਰਦੀ ਸੀ ਜਦ ਪਿਛਲੇ ਸਾਲ 30 ਜਨਵਰੀ ਨੂੰ ਉਹ ਇਸ ਬੀਮਾਰੀ ਦੀ ਲਪੇਟ ਵਿਚ ਆ ਗਈ ਸੀ। ਇਹ ਭਾਰਤ ਦਾ ਪਹਿਲਾ ਕੋਵਿਡ ਮਾਮਲਾ ਸੀ। ਵੁਹਾਨ ਉਹੀ ਸ਼ਹਿਰ ਹੈ ਜਿਥੋਂ ਇਸ ਬੀਮਾਰੀ ਦੇ ਪੈਦਾ ਹੋਣ ਦਾ ਖ਼ਦਸ਼ਾ ਹੈ। ਡਾਕਟਰਾਂ ਮੁਤਾਬਕ ਉਸ ਨੂੰ ਘਰ ਵਿਚ ਇਕਾਂਤਵਾਸ ਕਰ ਦਿਤਾ ਗਿਆ ਹੈ ਕਿਉਂਕਿ ਉਸ ਅੰਦਰ ਬੀਮਾਰੀ ਦਾ ਕੋਈ ਲੱਛਣ ਨਹੀਂ ਹੈ। ਪੀੜਤਾ ਨੇ ਹਾਲੇ ਤਕ ਕੋਵਿਡ ਦੀ ਵੈਕਸੀਨ ਵੀ ਨਹੀਂ ਲਗਵਾਈ ਸੀ। ਡਾਕਟਰਾਂ ਮੁਤਾਬਕ ਉਸ ਦੀ ਸਿਹਤ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਉਹ ਪਿਛਲੇ ਸਾਲ ਚੀਨ ਤੋਂ ਕੇਰਲਾ ਦੇ ਥ੍ਰੀਸੂਰ ਵਿਚ ਛੁੱਟੀਆਂ ਮਨਾਉਣ ਅਪਣੇ ਘਰ ਆਈ ਸੀ। ਉਹ ਤੀਜੇ ਸਾਲ ਦੀ ਵਿਦਿਆਰਥਣ ਸੀ। ਉਂਜ ਦੂਜੀ ਵਾਰ ਪੀੜਤ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਦੁਨੀਆਂ ਭਰ ਵਿਚ ਅਜਿਹੇ ਕਈ ਕੇਸ ਆਏ ਹਨ ਜਿਹੜੇ ਦੂਜੀ ਵਾਰ ਬੀਮਾਰੀ ਦੀ ਲਪੇਟ ਵਿਚ ਆਏ ਹਨ।