ਬਰਗਾੜੀ ਬੇਅਦਬੀ ਕਾਂਡ : ਰਾਮ ਰਹੀਮ ਦਾ ਨਾਲ ਕੇਸ ’ਚੋਂ ਨਹੀਂ ਹਟਾਇਆ : ਆਈਜੀ ਪਰਮਾਰ
ਅੰਮ੍ਰਿਤਸਰ: ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਨਵੀਂ ਐਸ.ਆਈ.ਟੀ ਵਲੋਂ ਪੇਸ਼ ਕੀਤੇ ਗਏ ਚਲਾਨ ਵਿਚ ਡੇਰਾ ਸਿਰਸਾ ਮੁਖੀ ਦਾ ਨਾਮ ਸ਼ਾਮਲ ਨਾਂ ਕੀਤੇ ਜਾਣ ਦੀ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਨਿੰਦਾ ਕੀਤੀ ਹੈ। ਅੱਜ ਇੱਥੇ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਐੱਫਆਈਆਰ ਨੰਬਰ 63 ਵਿੱਚ ਡੇਰਾ ਸਿਰਸਾ ਦੇ ਮੁਖੀ ਦਾ ਨਾਮ ਸ਼ਾਮਲ ਸੀ। ਇਹ ਨਾਮ ਡੇਰਾ ਸਮਰਥਕ ਮਹਿੰਦਰ ਸਿੰਘ ਬਿੱਟੂ ਵੱਲੋਂ ਦਿੱਤੇ ਬਿਆਨਾਂ ’ਤੇ ਸ਼ਾਮਲ ਕੀਤਾ ਗਿਆ ਸੀ ਪਰ ਨਵੀਂ ਬਣੀ ਜਾਂਚ ਟੀਮ ਨੇ ਪਰਸੋਂ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿਚੋਂ ਡੇਰਾ ਸਿਰਸਾ ਦੇ ਮੁਖੀ ਦਾ ਨਾਮ ਬਾਹਰ ਕੱਢ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੇਅਦਬੀ ਮਾਮਲਿਆਂ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਐਸ.ਆਈ.ਟੀ ਵਲੋਂ ਕੀਤੀ ਗਈ ਕਾਰਵਾਈ ਸਰਕਾਰਾਂ ਦੀ ਨੀਅਤ ‘ਤੇ ਸ਼ੱਕ ਪੈਦਾ ਕਰਦੀ ਹੈ ।
ਹਾਈ ਕੋਰਟ ਦੇ ਹੁਕਮ ਮਗਰੋਂ ਬੇਅਦਬੀ ਕਾਂਡ ਮਾਮਲਿਆਂ ਦੀ ਜਾਂਚ ਕਰਨ ਲਈ ਮੁੜ ਬਣਾਈ ਗਈ ਸਿੱਟ ਦੇ ਮੁਖੀ ਆਈਜੀ ਐਸਪੀਐਸ ਪਰਮਾਰ ਨੇ ਉਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਡੇਰਾ ਮੁਖੀ ਦਾ ਨਾਂ ਕੇਸ ’ਚੋਂ ਕੱਢ ਦਿੱਤਾ ਗਿਆ ਹੈ। ਆਈਜੀ ਨੇ ਹੁਦ ਸਪੱਸ਼ਟ ਕੀਤਾ ਕਿ ਕੇਸ ਦੀ ਜਾਂਚ ਜਾਰੀ ਹੈ ਤੇ ਜੋ ਵੀ ਇਸ ਮਾਮਲੇ ’ਚ ਕਸੂਰਵਾਰ ਪਾਇਆ ਗਿਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਥੇ ਦਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇਤਰਾਜ ਜਤਾਇਆ ਸੀ ਸਿੱਟ ਵੱਲੋਂ ਦੋ ਦਿਨ ਪਹਿਲਾਂ ਫਰੀਦਕੋਟ ਦੀ ਅਦਾਲਤ ’ਚ ਜੋ ਚਲਾਨ ਪੇਸ਼ ਕੀਤਾ ਸੀ ਉਸ ’ਚ ਸਾਜਿਸ਼ ਤਹਿਤ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ ਨਾਂ ਦਰਜ ਨਹੀਂ ਕੀਤਾ। ਆਈਜੀ ਐਸਪੀਐਸ ਪਰਮਾਰ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ। ਇਹ ਪਹਿਲਾ ਚਲਾਨ ਹੈ ਜੋ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਛੇ ਮੁਲਜਮਾਂ ਖਿਲਾਫ ਪੇਸ਼ ਕੀਤਾ ਗਿਆ ਹੈ। ਜੇਕਰ ਇਹ ਚਲਾਨ 60 ਦਿਨਾਂ ’ਚ ਨਾ ਪੇਸ਼ ਕਰਦੇ ਤਾਂ ਮੁਲਜ਼ਮਾਂ ਦੀ ਜਮਾਨਤ ਹੋ ਸਕਦੀ ਸੀ।