ਹੁਸ਼ਿਆਰਪੁਰ : ਜਾਨਵਰ ਤਾਂ ਇਕ ਦੂਜੇ ਨੂੰ ਦੰਦੀਆਂ ਮਾਰ ਹੀ ਲੈਂਦੇ ਹਨ ਖਾਸ ਕਰ ਕੇ ਕੁੱਤਾ ਇਨਸਾਨ ਨੂੰ ਵੱਢ ਹੀ ਲੈਂਦਾ ਹੈ ਪਰ ਜੇਕਰ ਕੋਈ ਇਨਸਾਨ ਦੂਜੇ ਇਨਸਾਨ ਨੂੰ ਕੁੱਤੇ ਵਾਂਗ ਵੱਢਣਾ ਸ਼ੁਰੂ ਕਰ ਦੇਵੇ ਤਾਂ ਮਾਮਲਾ ਗੰਭੀਰ ਹੋ ਸਕਦਾ ਹੈ ਅਜਿਹਾ ਹੀ ਹੋਇਆ ਇਕ ਬੱਸ ਵਿਚ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਨਵਾਂ ਸ਼ਹਿਰ ਤੋਂ ਹੁਸਿ਼ਆਰਪੁਰ ਵਲ ਇਕ ਬੱਸ ਜਾ ਰਹੀ ਸੀ ਜਿਸ ਵਿਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੱਸ ਵਿਚ ਬੈਠਾ ਇਕ ਵਿਅਕਤੀ ਅਚਾਨਕ ਲੋਕਾਂ ਨੂੰ ਵੱਢਣ ਲੱਗ ਪਿਆ। ਪਹਿਲਾਂ ਉਸ ਨੇ ਕੋਲ ਦੀ ਸੀਟ 'ਤੇ ਬੈਠੀ ਔਰਤ ਨੂੰ ਵੱਢਿਆ। ਔਰਤ ਨੇ ਜਦੋਂ ਚੀਕ ਚਿਹਾੜਾ ਪਾਇਆ ਤਾਂ ਲੋਕ ਉਸ ਨੂੰ ਬਚਾਉਣ ਲਈ ਅੱਗੇ ਆਏ। ਇਸ ਮਗਰੋਂ ਮਾਮਲਾ ਹੋਰ ਵਿਗੜ ਗਿਆ ਜਦੋਂ ਇਹੀ ਬੰਦਾ ਹੋਰ ਸਵਾਰੀਆਂ ਨੂੰ ਵੀ ਵੱਢਣ ਲੱਗ ਪਿਆ ਤਾਂ ਇਕ ਵਾਰ ਸਾਰੀਆਂ ਸਵਾਰੀਆਂ ਦੰਗ ਰਹਿ ਗਈਆਂ। ਡਰਾਈਵਰ ਨੇ ਬਸ ਰੋਕ ਦਿੱਤੀ। ਮੌਕਾ ਮਿਲਦੇ ਹੀ ਸਾਰੀ ਸਵਾਰੀਆਂ ਬਸ ਤੋਂ ਥੱਲੇ ਉਤਰ ਗਈਆਂ। ਉਹ ਵਿਅਕਤੀ ਬਸ ਅੰਦਰ ਇਕੱਲਾ ਹੀ ਬੈਠਾ ਰਿਹਾ। ਡਰਾਈਵਰ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਿਸ ਨੇ ਜਾਂਚ ਤੋਂ ਬਾਅਦ ਕਿਹਾ ਕਿ ਹੁਸ਼ਿਆਰਪੁਰ ਆ ਰਹੀ ਸਰਕਾਰੀ ਬਸ ਵਿਚ ਸਫਰ ਕਰ ਰਿਹਾ 45 ਸਾਲਾ ਵਿਅਕਤੀ ਸੁਭਾਸ਼ ਨਗਰ ਦਾ ਰਹਿਣ ਵਾਲਾ ਹੈ। ਉਹ ਅਪਣਾ ਨਾਂ ਨਹੀਂ ਦੱਸ ਰਿਹਾ ਸੀ। ਉਸ ਨੇ ਕੋਲ ਦੀ ਸੀਟ 'ਤੇ ਬੈਠੀ ਔਰਤ ਨੂੰ ਅਚਾਨਕ ਦੰਦਾਂ ਨਾਲ ਵੱਢਣਾ ਸ਼ੁਰੂ ਕਰ ਦਿੱਤਾ। ਔਰਤ ਚੀਕਾਂ ਮਾਰਨ ਲੱਗੀ ਤਾਂ ਲੋਕ ਉਸ ਨੂੰ ਬਚਾਉਣ ਲਈ ਭੱਜੇ। ਇਸ ਦੌਰਾਨ ਉਹ ਵਿਅਕਤੀ ਉਨ੍ਹਾਂ ਨੂੰ ਵੀ ਵੱਢਣ ਲਈ ਦੌੜਿਆ। ਉਨ੍ਹਾਂ ਦੱਸਿਆ ਕਿ ਜਿਸ ਔਰਤ ਨੂੰ ਉਸ ਵਿਅਕਤੀ ਨੇ ਵੱਢਿਆ ਹੈ ਉਸ ਦੇ ਰਿਸ਼ਤੇਦਾਰਾਂ ਨੇ ਕੋਈ ਵੀ ਕਾਰਵਾਈ ਕਰਾਉਣ ਤੋਂ ਇਨਕਾਰ ਕਰ ਦਿੱਤਾ। ਸਿਵਲ ਹਸਪਤਾਲ ਦੇ ਡਾ. ਰਾਜ ਕੁਮਾਰ ਨੇ ਕਿਹਾ ਕਿ ਅਜਿਹਾ ਦਿਮਾਗੀ ਬਿਮਾਰੀ ਦੇ ਕਾਰਨ ਹੁੰਦਾ ਹੈ। ਕਾਰਨ ਕੁਝ ਵੀ ਹੋ ਸਕਦਾ ਹੈ। ਇਹ ਬਿਮਾਰੀ ਹਰ ਕਿਸੇ 'ਤੇ ਅਲੱਗ ਅਲੱਗ ਪ੍ਰਭਾਵ ਦਿਖਾਉਂਦੀ ਹੈ। ਇਸ ਵਿਚ ਦੰਦ ਨਾਲ ਵੱਢਣਾ ਵੀ ਇੱਕ ਹੁੰਦਾ ਹੈ। ਬਿਮਾਰ ਵਿਅਕਤੀ ਦਾ ਅਚਾਨਕ ਵਿਵਹਾਰ ਬਦਲ ਜਾਂਦਾ ਹੈ। ਅਜਿਹੇ ਵਿਚ ਦੰਦ ਨਾਲ ਵੱਢਣ ਨਾਲ ਪੀੜਤ ਨੂੰ ਟੈਟਨੈਸ ਦਾ ਟੀਕਾ ਜ਼ਰੂਰ ਲਗਾਉਣਾ ਚਾਹੀਦਾ। ਜੇਕਰ ਜ਼ਖ਼ਮ ਡੂੰਘਾ ਹੈ ਤਾਂ ਐਂਟੀ ਰੈਬੀਜ ਇਲਾਜ ਵੀ ਕਰਾਉਣਾ ਚਾਹੀਦਾ। ਅਜਿਹੇ ਇਨਸਾਨ ਦਾ ਵਢਣਾ ਵੀ ਖਤਰਨਾਕ ਹੋ ਸਕਦਾ ਹੈ।