ਨਵੀਂ ਦਿੱਲੀ : ਕਈ ਖ਼ਦਸ਼ਿਆਂ ਅਤੇ ਦਾਅਵਿਆਂ ਵਿਚਾਲੇ ਕੋਰੋਨਾ ਦੀ ਤੀਜਲੀ ਲਹਿਰ ਕਰੀਬ ਵਿਖਾਈ ਦੇ ਰਹੀ ਹੈ। ਇਕ ਵਿਦੇਸ਼ੀ ਬ੍ਰੋਕਰੇਜ ਫ਼ਰਮ ਨੇ ਚੌਕਸ ਕੀਤਾ ਹੈ ਕਿ ਡੈਲਟਾ ਵੈਰੀਅੰਟ ਦੇ ਵਧਦੇ ਮਾਮਲਿਆਂ ਅਤੇ ਵਾਇਰਸ ਦੇ ਮਿਊਟੇਟ ਹੋਣ ਨਾਲ ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਦਸ਼ਾ ਸੱਚ ਸਾਬਤ ਹੋ ਸਕਦਾ ਹੈ। ਇਹੋ ਗੱਲ ਵਿਸ਼ਵ ਸਿਹਤ ਸੰਗਠਨ ਨੇ ਦੁਨੀਆਂ ਲਈ ਕਹੀ ਹੈ। ਸੰਗਠਨ ਦੇ ਮੁਖੀ ਡਾ. ਟੇਡਰੋਸ ਗੇਬ੍ਰੇਯੇਸਸ ਨੇ ਬੁਧਵਾਰ ਨੂੰ ਦੇਸ਼ਾਂ ਨੂੰ ਚੇਤਾਵਨੀ ਦਿਤੀ ਕਿ ਉਹ ਕੋਰੋਨਾ ਦੀ ਤੀਜੀ ਲਹਿਰ ਦੇ ਸ਼ੁਰੂਆਤੀ ਪੜਾਅ ਵਿਚ ਆ ਚੁਕੇ ਹਨ। ਸਿਹਤ ਮਾਹਰਾਂ ਨੇ ਕੋਰੋਨਾ ਦੇ ਮਾਮਲਿਆਂ ਅਤੇ ਮੌਤਾਂ ਵਿਚ ਹਾਲ ਹੀ ਵਿਚ ਹੋਏ ਵਾਧੇ ’ਤੇ ਅਲਾਰਮ ਵਜਾਇਆ ਹੈ। ਹਾਲ ਵਿਚ ਯੂਰਪ ਅਤੇ ਨਾਰਥ ਅਮਰੀਕਾ ਵਿਚ ਵੈਕਸੀਨੇਸ਼ਨ ਕਵਰੇਜ ਵਧਣ ਨਾਲ ਇਨ੍ਹਾਂ ਵਿਚ ਕਮੀ ਆਈ ਸੀ। ਯੂਨਾਈਟਿਡ ਨੇਸ਼ਨਜ਼ ਦੇ ਮੀਡੀਆ ਵਿੰਗ ਦਾ ਕਹਿਣਾ ਹੈ ਕਿ ਦੁਨੀਆਂ ਭਰ ਵਿਚ ਲਗਾਤਾਰ ਚੌਥੇ ਹਫ਼ਤੇ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। 10 ਹਫ਼ਤੇ ਦੀ ਕਮੀ ਦੇ ਬਾਅਦ ਮੌਤਾਂ ਵੀ ਮੁੜ ਵਧਣ ਲਗੀਆਂ ਹਨ। ਸੰਗਠਨ ਦੇ ਮੁਖੀ ਨੇ ਕਿਹਾ ਕਿ ਵਾਇਰਸ ਲਗਾਤਾਰ ਖ਼ੁਦ ਵਿਚ ਤਬਦੀਲੀ ਕਰ ਰਿਹਾ ਹੈ। ਇਸ ਦੇ ਨਾਲ ਹੀ ਇਹ ਜ਼ਿਆਦਾ ਲਾਗ ਵਾਲਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਡੈਲਟਾ ਵੈਰੀਅੰਟ ਹੁਣ 111 ਤੋਂ ਵੱਧ ਦੇਸ਼ਾਂ ਵਿਚ ਪਹੁੰਚ ਚੁਕਾ ਹੈ। ਇਹ ਛੇਤੀ ਹੀ ਪੂਰੀ ਦੁਨੀਆਂ ਵਿਚ ਵੀ ਫੈਲ ਸਕਦਾ ਹੈ। ਵਾਇਰਸ ਦਾ ਅਲਫ਼ਾ ਵੈਰੀਅੰਟ 178 ਦੇਸ਼ਾਂ ਵਿਚ, ਬੀਟਾ 123 ਦੇਸ਼ਾਂ ਵਿਚ ਅਤੇ ਗਾਮਾ 75 ਦੇਸ਼ਾਂ ਵਿਚ ਮਿਲ ਚੁਕਾ ਹੈ। ਕਿਹਾ ਜਾ ਰਿਹਾ ਹੈ ਕਿ ਭਾਰਤ ਵਰਗੇ ਦੇਸ਼ਾਂ ਵਿਚ ਪਾਬੰਦੀਆਂ ਵਿਚ ਛੋਟ ਦਿਤੇ ਜਾਣ ਨਾਲ ਕੋਰੋਨਾ ਦਾ ਖ਼ਤਰਾ ਵਧ ਗਿਆ ਹੈ। ਦੇਸ਼ ਵਿਚ ਟੀਕਾਕਰਨੀ ਦੀ ਰਫ਼ਤਾਰ ਵੀ ਮੱਧਮ ਪੈਣ ਲੱਗੀ ਹੈ।