ਦੇਹਰਾਦੂਨ : ਕੋਰੋਨਾ ਦੀ ਦੂਜੀ ਲਹਿਰ ਤੋਂ ਦੇਸ਼ ਨੂੰ ਰਾਹਤ ਮਿਲਦੇਹੀ ਪਹਾੜੀ ਰਾਜਾਂ ਵਿਚ ਸੈਲਾਨੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਉਤਰਾਖੰਡ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਥੇ ਆਉਣ ਵਾਲੇ ਸੈਲਾਨੀਆਂ ਨੂੰ ਕੋਰੋਨਾ ਟੈਸਟ ਦੀ ਨੈਗੇਟਿਵ ਰੀਪੋਰਟ ਵਿਖਾਉਣੀ ਪਵੇਗੀ ਪਰ ਲੋਕ ਮੰਨ ਹੀ ਨਹੀਂ ਰਹੇ। ਹੋਰ ਤਾਂ ਹੋਰ, ਘੁੰਮਣ ਦੇ ਸ਼ੌਕੀਨ ਹੁਣ ਫ਼ਰਜ਼ੀ ਰੀਪੋਰਟਾਂ ਵੀ ਬਣਵਾ ਰਹੇ ਹਨ। ਉਤਰਾਖੰਡ ਪੁਲਿਸ ਨੇ ਵੀਰਵਾਰ ਨੂੰ ਅਜਿਹੇ 13 ਸੈਲਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹੜੇ ਫ਼ਰਜ਼ੀ ਕੋਰੋਨਾ ਰੀਪੋਰਟ ਲੈ ਕੇ ਰਾਜ ਵਿਚ ਘੁੰਮ ਰਹੇ ਸਨ। ਇਨ੍ਹਾਂ ਵਿਰੁਧ ਮਹਾਂਮਾਰੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਸਰਕਾਰ ਵਲੋਂ ਕੋਰੋਨਾ ਟੈਸਟ ਦੀ ਨੈਗੇਟਿਵ ਰੀਪੋਰਟ ਨੂੰ ਲਾਜ਼ਮੀ ਕੀਤੇ ਜਾਣ ਦੇ ਬਾਅਦ ਸਪੈਸ਼ਲ ਆਪਰੇਸ਼ਨ ਗਰੁਪ ਦੀਆਂ ਟੀਮਾਂ ਰਾਜ ਵਿਚ ਆਉਣ ਵਾਲੇ ਸੈਲਾਨੀਆਂ ਦੀ ਰੀਪੋਰਟ ਨੂੰ ਚੈਕ ਕਰਦੀ ਹੈ। ਰਾਜ ਦੇ ਕਲੇਮੇਂਟ ਟਾਊਨ ਵਿਚ ਚੈਕਿੰਗ ਦੌਰਾਨ ਪੁਲਿਸ ਨੂੰ ਦੋ ਵਾਹਨਾਂ ਵਿਚ ਸਵਾਰ ਸੈਲਾਨੀਆਂ ’ਤੇ ਸ਼ੱਕ ਹੋਇਆ। ਰੀਪੋਰਟ ਵੇਖੀ ਤਾਂ ਉਹ ਫ਼ਰਜ਼ੀ ਨਿਕਲੀ। ਦੋ ਵਾਹਨ ਗਾਜ਼ੀਆਬਾਦ ਤੋਂ ਸਨ ਜਿਸ ਵਿਚ 10 ਜਣੇ ਸਵਾਰ ਸਨ। ਦੂਜਾ ਵਾਹਨ ਬਿਹਾਰ ਤੋਂ ਸੀ ਜਿਸ ਵਿਚ 3 ਜਣੇ ਸਵਾਰ ਸਨ। ਪੁਲਿਸ ਨੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਹੁਣ ਤਕ 100 ਤੋਂ ਵੀ ਵੱਧ ਲੋਕ ਫ਼ਰਜ਼ੀ ਰੀਪੋਰਟ ਨਾਲ ਫੜੇ ਗਏ ਹਨ। ਇਕੇ ਕਰਫ਼ੀਊ 20 ਜੁਲਾਈ ਤਕ ਲੱਗਾ ਰਹੇਗਾ ਪਰ ਆਰਥਕ ਗਤੀਵਿਧੀਆਂ ਮੁੜ ਸ਼ੁਰੂ ਕਰਨ ਲਈ ਰਾਜ ਸਰਕਾਰ ਨੇ ਕਈ ਨਿਯਮਾਂ ਵਿਚ ਛੋਟ ਦੇ ਦਿਤੀ ਹੈ।