ਮੁੰਬਈ : ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਸੁਰੇਖਾ ਸੀਕਰੀ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 75 ਸਾਲ ਦੀ ਸੀ। ਅਦਾਕਾਰਾ ਦੇ ਏਜੰਟ ਵਿਵੇਕ ਸਿਧਵਾਨੀ ਨੇ ਦਸਿਆ ਕਿ ਦੂਜੇ ਦਿਮਾਗ਼ੀ ਦੌਰੇ ਮਗਰੋਂ ਉਨ੍ਹਾਂ ਨੂੰ ਸਿਹਤ ਸਬੰਧੀ ਪ੍ਰੇਸ਼ਾਨੀਆਂ ਹੋ ਰਹੀਆਂ ਸਨ। ਤਿੰਨ ਵਾਰ ਕੌਮੀ ਪੁਰਸਕਾਰ ਜਿੱਤਣ ਵਾਲੀ ਸੀਕਰੀ ਦੇ ਆਖ਼ਰੀ ਸਮੇਂ ਉਸ ਦਾ ਪਰਵਾਰ ਉਸ ਦੇ ਕੋਲ ਸੀ। ਸੀਕਰੀ ਨੇ ਥੀਏਟਰ ਤੋਂ ਲੈ ਕੇ ਟੈਲੀਵਿਜ਼ਨ ਤਕ ਸਾਰੇ ਮੰਚਾਂ ’ਤੇ ਸ਼ਾਨਦਾਰ ਅਦਾਕਾਰੀ ਕੀਤੀ। ਉਸ ਨੇ ‘ਤਮਸ ਮੰਮੋ, ਸਲੀਮ ਲੰਗੜੇ ਪੇ ਮਤ ਰੋ, ਜੁਬੇਦਾ, ਵਧਾਈ ਹੋ ਜਿਹੀਆਂ ਫ਼ਿਲਮਾਂ ਕੀਤੀਆਂ ਅਤੇ ਮਸ਼ਹੂਰ ਨਾਟਕ ‘ਬਾਲਿਕਾ ਵਧੂ’ ਵਿਚ ਵੀ ਨਜ਼ਰ ਆਈ। ਸੀਕਰੀ ਆਖ਼ਰੀ ਵਾਰ 2020 ਵਿਚ ਨੈਟਫ਼ਿਲਕਸ ਦੀ ਫ਼ਿਲਮ ‘ਘੋਸਟ ਸਟੋਰੀਜ਼’ ਵਿਚ ਨਜ਼ਰ ਆਈ ਸੀ। ਦਿੱਲੀ ਵਿਚ ਜਨਮੀ ਅਦਾਕਾਰਾ ਨੇ ਅਪਣਾ ਬਚਪਨ ਉਤਰਾਖੰਡ ਦੇ ਕੁਮਾਊਂ ਖੇਤਰ ਦੀਆਂ ਪਹਾੜੀਆਂ ਵਿਚ ਬਿਤਾਇਆ। ਉਨ੍ਹਾਂ ਯੂਪੀ ਦੀ ਅਲੀਗੜ੍ਹ ਯੂਨੀਵਰਸਿਟੀ ਵਿਚ ਗਰੈਜੂਏਸ਼ਨ ਕੀਤੀ। ਉਹ ਇਕ ਦਹਾਕੇ ਤੋਂ ਵੱਧ ਸਮੇਂ ਤਕ ‘ਐਨਐਸਡੀ ਰਿਪਰਟਰੀ ਕੰਪਨੀ’ ਨਾਲ ਜੁੜੀ ਰਹੀ। ਉਨ੍ਹਾਂ ਸੰਧਿਆ ਛਾਇਆ, ਤੁਗਲਕ ਅਤੇ ਆਧੇ ਅਧੂਰੇ ਜਿਹੇ ਕਈ ਮਸ਼ਹੂਰ ਨਾਟਕ ਕੀਤੇ। ਫਿਰ ਉਹ ਮੁੰਬਈ ਚਲੇ ਗਏ ਅਤੇ ਉਥੋਂ 1978 ਵਿਚ ‘ਕਿੱਸਾ ਕੁਰਸੀ ਕਾ’ ਨਾਲ ਅਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਦਾ ਪੁਰਸਕਾਰ ਵੀ ਮਿਲਿਆ ਸੀ। ਉਨ੍ਹਾਂ ਟੈਲੀਵਿਜ਼ਨ ’ਤੇ ਸੀਆਈਡੀ, ਬਣੇਗੀ ਅਪਣੀ ਬਾਤ, ਸਾਂਝਾ ਚੁਲ੍ਹਾ, ਕਭੀ ਕਭੀ ਜਿਹੇ ਮਸ਼ਹੂਰ ਨਾਟਕਾਂ ਵਿਚ ਵੀ ਕੰਮ ਕੀਤਾ। ਬਾਲਿਕਾ ਵਧੂ ਵਿਚ ਨਿਭਾਏ ਉਨ੍ਹਾਂ ਦੇ ‘ਦਾਦੀ ਸਾ’ ਦੇ ਕਿਰਦਾਰ ਨੂੰ ਬਹੁਤ ਮਕਬੂਲੀਅਤ ਮਿਲੀ।