ਜਲਗਾਂਵ : ਮਹਾਰਾਸ਼ਟਰ ਦੇ ਜਲਗਾਂਵ ਵਿਚ ਅੱਜ ਏਵੀਏਸ਼ਨ ਅਕੈਡਮੀ ਦਾ ਟਰੇਨਿੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਵਰਦੀ ਸ਼ਿਵਾਰਾ ਲਾਗੇ ਜੰਗਲਾਂ ਵਿਚ ਸ਼ਾਮ 4.30 ਵਜੇ ਵਾਪਰਿਆ। ਜਹਾਜ਼ ਵਿਚ ਫ਼ਲਾਈਟ ਇੰਸਟਰੱਕਟਰ ਦੀ ਮੌਤ ਹੋ ਗਈ ਅਤੇ ਮਹਿਲਾ ਟਰੇਨੀ ਪਾਇਲਟ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਮਹਿਲਾ ਪਾਇਲਟ ਦਾ ਨਾਮ ਅੰਸ਼ਿਕਾ ਗੁਰਜਰ ਹੈ। ਏਅਰਕਰਾਫ਼ਟ ਹਾਦਸਾਗ੍ਰਸਤ ਹੋਣ ਦੇ ਬਾਅਦ ਸਥਾਨਕ ਆਦਿਵਾਸੀ ਸਭ ਤੋਂ ਪਹਿਲਾਂ ਘਟਨਾ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਹੀ ਜ਼ਖ਼ਮੀ ਟਰੇਨੀ ਮਹਿਲਾ ਪਾਇਲਟ ਨੂੰ ਜਹਾਜ਼ ਦੇ ਮਲਬੇ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ। ਨਾਲ ਹੀ ਦਮ ਤੋੜ ਚੁਕੇ ਫ਼ਲਾਈਟ ਇੰਸਟਰੱਕਟਰ ਦੀ ਲਾਸ਼ ਨੂੰ ਵੀ ਬਾਹਰ ਕਢਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਹਾਦਸਾ ਜਿਸ ਥਾਂ ਵਾਪਰਿਆ, ਉਹ ਸਤਪੁੜਾ ਰੇਂਜ ਦੇ ਜੰਗਲ ਹਨ। ਇਹ ਇਲਾਕਾ ਰਾਮ ਤਲਾਵ ਨਾਮ ਨਾਲ ਜਾਣਿਆ ਜਾਂਦਾ ਹੈ। ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤੀਰਿਦਿਤਿਆ ਸਿੰਧੀਆ ਨੇ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਦਸਿਆ ਕਿ ਇਹ ਜਹਾਜ਼ ਮਹਾਰਾਸ਼ਟਰ ਦੀ ਪ੍ਰਾਈਵੇਟ ਏਵੀਏਸ਼ਨ ਅਕੈਡਮੀ ਦਾ ਹੈ। ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿਤੇ ਗਏ ਹਨ।