ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਐਤਵਾਰ ਨੂੰ ਬੁਲਾਈ ਗਈ ਸਰਬਪਾਰਟੀ ਬੈਠਕ ਵਿਚ ਕਿਹਾ ਕਿ ਸਰਕਾਰ ਸੰਸਦ ਵਿਚ ਵੱਖ ਵੱਖ ਮੁੱਦਿਆਂ ’ਤੇ ਸਿਹਤਮੰਦ ਅਤੇ ਸਾਰਥਕ ਚਰਚਾ ਲਈ ਤਿਆਰ ਹੈ। ਸੰਸਦੀ ਕਾਰਜਮੰਤਰੀ ਪ੍ਰਹਿਲਾਦ ਜੋਸ਼ੀ ਨੇ ਬੈਠਕ ਵਿਚ ਪ੍ਰਧਾਨ ਮੰਤਰੀ ਦੇ ਕਥਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਸਦਨ ਵਿਚ ਵੱਖ ਵੱਖ ਦਲਾਂ ਦੇ ਆਗੂਆਂ ਨੂੰ ਕਿਹਾ ਕਿ ਸਰਕਾਰ ਨਿਯਮਾਂ ਅਤੇ ਕਵਾਇਦ ਤਹਿਤ ਚੁਕੇ ਗਏ ਮੁੱਦਿਆਂ ’ਤੇ ਸਿਹਤਮੰਦ ਅਤੇ ਸਾਰਥਕ ਚਰਚਾ ਲਈ ਤਿਆਰ ਹੈ। ਬੈਠਕ ਵਿਚ 33 ਪਾਰਟੀਆਂ ਨੇ ਹਿੱਸਾ ਲਿਆ। ਇਸ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਪ੍ਰਤੀਨਿਧਾਂ ਖ਼ਾਸ ਤੌਰ ’ਤੇ ਵਿਰੋਧੀ ਧਿਰ ਦੇ ਸੁਝਾਅ ਮੁੱਲਵਾਨ ਹੈ ਕਿਉਂਕਿ ਉਹ ਚਰਚਾ ਨੂੰ ਉਸਾਰੂ ਬਣਾਉਂਦੇ ਹਨ। ਇਹ ਬੈਠਕ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਦੇ ਇਕ ਦਿਨ ਪਹਿਲਾਂ ਹੋਈ ਜਿਸ ਵਿਚ ਮੋਦੀ ਅਤੇ ਸਦਨ ਵਿਚ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਬੈਠਕ ਵਿਚ ਰਾਜ ਸਭਾ ਵਿਚ ਨੇਤਾ ਵਿਰੋਧੀ ਧਿਰ ਮਲਿਕਾਅਰਜੁਨ ਖੜਗੇ ਅਤੇ ਲੋਕ ਸਭਾ ਵਿਚ ਨੇਤਾ ਵਿਰੋਧੀ ਧਿਰ ਰੰਜਨ ਚੌਧਰੀ ਨੇ ਵੀ ਹਿੱਸਾ ਲਿਆ। ਮਾਨਸੂਨ ਇਜਲਾਸ 19 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 13 ਅਗਸਤ ਨੂੰ ਖ਼ਤਮ ਹੋਵੇਗਾ। ਸੰਸਦੀ ਇਜਲਾਸ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਵਜ਼ਾਰਤ ਵਿਚ ਸ਼ਾਮਲ ਨਵੇਂ ਮੰਤਰੀਆਂ ਦੀ ਪਛਾਣ ਦੋਵੇਂ ਸਦਨਾਂ ਦੇ ਮੈਂਬਰਾਂ ਨਾਲ ਕਰਾਉਣਗੇ। ਇਹ ਰਵਾਇਤ ਰਹੀ ਹੈ ਕਿ ਨਵੀਂ ਸਰਕਾਰ ਗਠਿਤ ਹੋਣ ਜਾਂ ਮੰਤਰੀ ਮੰਡਲ ਵਿਸਤਾਰ ਜਾਂ ਫੇਰਬਦਲ ਹੋਣ ਦੇ ਬਾਅਦ ਪ੍ਰਧਾਨ ਮੰਤਰੀ ਨਵੇਂ ਮੰਤਰੀਆਂ ਦੀ ਪਛਾਣ ਦੋਹਾਂ ਸਦਨਾਂ ਦੇ ਮੈਂਬਰਾਂ ਨਾਲ ਕਰਾਉਂਦੇ ਹਨ। ਕੁਝ ਮੈਂਬਰ ਹਾਲ ਹੀ ਵਿਚ ਹੋਈਆਂ ਜ਼ਿਮਨੀ ਚੋਣਾਂ ਦੇ ਬਾਅਦ ਲੋਕ ਸਭਾ ਲਈ ਚੁਣੇ ਹੋਏ ਹਨ ਅਤੇ ਸੋਮਵਾਰ ਨੂੰ ਉਹ ਸਦਨ ਦੇ ਮੈਂਬਰਾਂ ਵਜੋਂ ਸਹੁੰ ਚੁਕਣਗੇ।