ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਅੱਜ ਕਿਸਾਨ ਜਥੇਬੰਦੀਆਂ ਨੂੰ 22 ਜੁਲਾਈ ਤੋਂ ਤਿੰਨ ਖੇਤੀ ਕਾਨੂੰਨਾਂ ਵਿਰੁਧ ਸੰਸਦ ਦੇ ਸਾਹਮਣੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿਚ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਕਰਨ ਲਈ ਆਖਿਆ ਪਰ ਜਥੇਬੰਦੀਆਂ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿਤਾ। ਇਹ ਜਾਣਕਾਰੀ ਕਿਸਾਨ ਆਗੂਆਂ ਨੇ ਦਿਤੀ। ਕੌਮੀ ਕਿਸਾਨ ਮਜ਼ਦੂਰ ਮਹਾਂਸੰਘ ਦੇ ਪ੍ਰਧਾਨ ਸ਼ਿਵ ਕੁਮਾਰ ਕੱਕਾ ਨੇ ਕਿਹਾ, ‘ਅਸੀਂ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਮਾਨਸੂਨ ਇਜਲਾਸ ਦੌਰਾਨ ਹਰ ਰੋਜ਼ 200 ਕਿਸਾਨ ਸਿੰਘੂ ਬਾਰਡਰ ਤੋਂ ਸੰਸਦ ਭਵਨ ਕੋਲ ਪ੍ਰਦਰਸ਼ਨ ਕਰਨ ਜਾਣਗੇ। ਇਹ ਸ਼ਾਂਤੀਪੂਰਨ ਪ੍ਰਦਰਸ਼ਨ ਹੋਵੇਗਾ ਅਤੇ ਪ੍ਰਦਰਸ਼ਨਕਾਰੀਆਂ ਦੀ ਪਛਾਣ ਯਕੀਨੀ ਕਰਨ ਲਈ ਬਿੱਲੇ ਲਾਏ ਜਾਣਗੇ।’ ਕੱਕਾ ਨੇ ਕਿਹਾ ਕਿ ਆਧਾਰਾ ਨੰਬਰ ਅਤੇ ਫ਼ੋਨ ਨੰਬਰ ਸਮੇਤ ਹਰ ਪ੍ਰਦਰਸ਼ਨਕਾਰੀ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦਿਤੀ ਜਾਵੇਗੀ। ਉਨ੍ਹਾਂ ਦਸਿਆ ਕਿ ਪੁਲਿਸ ਨੇ ਪ੍ਰਦਰਸ਼ਨ ਲਈ ਬਦਲਵੀਂ ਥਾਂ ਦਾ ਪ੍ਰਸਤਾਵ ਦਿਤਾ ਸੀ ਅਤੇ ਕਿਸਾਨ ਜਥੇਬੰਦੀਆਂ ਨੂੰ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘਟਾਉਣ ਲਈ ਕਿਹਾ ਸੀ ਪਰ ਕਿਸਾਨ ਆਗੂਆਂ ਨੇ ਇਹ ਮੰਗ ਨਹੀਂ ਮੰਨੀ। ਕੱਕਾ ਨੇ ਕਿਹਾ ਕਿ ਪੁਲਿਸ ਸੋਮਵਾਰ ਨੂੰ ਅਪਣਾ ਜਵਾਬ ਦੇਵੇਗੀ ਜਿਸ ਦੇ ਬਾਅਦ ਪ੍ਰਦਰਸ਼ਨ ਦਾ ਸਮਾਂ ਤੈਅ ਕੀਤਾ ਜਾਵੇਗਾ। ਪਿਛਲੇ ਸਾਲ ਸਤੰਬਰ ਵਿਚ ਬਣੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਬੀਤੇ ਨਵੰਬਰ ਤੋਂ ਦਿੱਲੀ ਦੀ ਸਰਹੱਦ ’ਤੇ ਧਰਨੇ ਦੇ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਲਗਭਗ 40 ਕਿਸਾਨ ਜਥੇਬੰਦੀਆਂ ਦਾ ਸਮੂਹ ਹੈ ਜੋ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਿਹਾ ਹੈ।