ਲਖਨਊ : ਯੂਪੀ ਸਰਕਾਰ ਨੇ ਹੁਣ ਰਾਜ ਵਿਚ ਪ੍ਰਵੇਸ਼ ਕਰਨ ਵਾਲੇ ਯਾਤਰੀਆਂ ਲਈ ਨੈਗੇਟਿਵ ਆਰਟੀ.ਪੀਸੀਆਰ ਕੋਵਿਡ ਰੀਪੋਰਟ ਵਿਖਾਉਣਾ ਲਾਜ਼ਮੀ ਕਰ ਦਿਤਾ ਹੈ। ਇਹ ਨਿਯਮ ਤਿੰਨ ਫ਼ੀਸਦੀ ਤੋਂ ਵੱਧ ਪਾਜ਼ੇਟਿਵਿਟੀ ਵਾਲੇ ਰਾਜਾਂ ਤੋਂ ਯੂਪੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ’ਤੇ ਲਾਗੂ ਹੋਵੇਗਾ। ਮੁੱਖ ਮੰਤਰੀ ਯੋਗੀ ਆਦਿਤਿਯਾਨਾਥ ਦੀ ਅਗਵਾਈ ਹੇਠ ਹੋਈ ਬੈਠਕ ਵਿਚ ਅੱਜ ਇਹ ਫ਼ੈਸਲਾ ਕੀਤਾ ਗਿਆ। ਇਸ ਕਦਮ ਦਾ ਉਦੇਸ਼ ਯੂਪੀ ਵਿਚ ਕੋਵਿਡ ਦੇ ਪਸਾਰ ਨੂੰ ਰੋਕਣਾ ਹੈ। ਨਵੀਆਂ ਹਦਾਇਤਾਂ ਮੁਤਾਬਕ ਯੂਪੀ ਦੀ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਉਕਤ ਰੀਪੋਰਟ ਵਿਖਾਉਣੀ ਪਵੇਗੀ। ਇਹ ਰੀਪੋਰਟ ਆਮਦ ਦੀ ਤਰੀਕ ਤੋਂ ਘੱਟੋ ਘੱਟ ਚਾਰ ਦਿਨ ਪੁਰਾਣੀ ਹੋਣੀ ਚਾਹੀਦੀ ਹੈ। ਨਵਾਂ ਨਿਯਮ ਹਵਾਈ, ਸੜਕ ਜਾਂ ਰੇਲ ਮਾਰਗ ਰਾਹੀਂ ਯੂਪੀ ਦੀ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ’ਤੇ ਲਾਗੂ ਹੋਵੇਗਾ। ਅਪਣੇ ਨਿਜੀ ਵਾਹਨਾਂ ਰਾਹੀਂ ਯੂਪੀ ਵਿਚ ਪ੍ਰਵੇਸ਼ ਕਰਨ ਵਾਲੇ ਲੋਕਾਂ ਨੂੰ ਵੀ ਇਸ ਪ੍ਰੋਟੋਕਾਲ ਦੀ ਪਾਲਣਾ ਕਰਨੀ ਪਵੇਗੀ। ਕਿਹਾ ਗਿਆ ਹੈ ਕਿ ਜਿਹੜੇ ਲੋਕਾਂ ਨੇ ਕੋਵਿਡ ਦਾ ਪਹਿਲਾ ਟੀਕਾ ਲਗਵਾ ਲਿਆ ਹੈ, ਉਹ ਬੀਮਾਰੀ ਤੋਂ ਬਚੇ ਰਹਿਣਗੇ।