ਨਵੀਂ ਦਿੱਲੀ : ਵੱਖ ਵੱਖ ਮੁੱਦਿਆਂ ’ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਮੰਤਰੀ ਮੰਡਲ ਦੇ ਨਵੇਂ ਮੈਂਬਰਾਂ ਦੀ ਜਾਣ-ਪਛਾਣ ਸੰਸਦ ਦੇ ਦੋਹਾਂ ਸਦਨਾਂ ਵਿਚ ਨਹੀਂ ਕਰਵਾ ਸਕੇ ਅਤੇ ਉਨ੍ਹਾਂ ਮੰਤਰੀਆਂ ਦੀ ਸੂਚੀ ਦੋਹਾਂ ਸਦਨਾਂ ਵਿਚ ਰੱਖੀ। ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰਾਂ ਨੂੰ ਤਕੜੇ ਹੱਥੀਂ ਲੈਂਦਿਆਂ ਕਿਹਾ ਕਿ ਕੁਝ ਲੋਕਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਦਲਿਤ, ਆਦਿਵਾਸੀ, ਪਿਛੜਾ ਵਰਗ ਅਤੇ ਮਹਿਲਾ ਮੰਤਰੀਆਂ ਦੀ ਇਥੇ ਜਾਣ-ਪਛਾਣ ਕਰਾਈ ਜਾਵੇ। ਉਨ੍ਹਾਂ ਵਿਰੋਧੀ ਧਿਰਾਂ ਦੇ ਰਵਈਏ ਨੂੰ ਮਹਿਲਾ ਅਤੇ ਦਲਿਤ ਵਿਰੋਧੀ ਮਾਨਸਿਕਤਾ ਦਾ ਨਤੀਜਾ ਕਰਾਰ ਦਿਤਾ। ਸੰਸਦ ਦੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਜਦ ਨਵੇਂ ਮੰਤਰੀਆਂ ਦੀ ਸਦਨ ਵਿਚ ਵਾਕਫ਼ੀਅਤ ਕਰਾਉਣ ਲੱਗੇ ਤਾਂ ਉਸ ਦੌਰਾਨ ਦੋਹਾਂ ਸਦਨਾਂ ਵਿਚ ਵਿਰੋਧੀ ਧਿਰਾਂ ਨੇ ਹੰਗਾਮਾ ਸ਼ੁਰੂ ਕਰ ਦਿਤਾ। ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਿਰੋਧੀ ਮੈਂਬਰਾਂ ਨੂੰ ਸ਼ਾਂਤ ਹੋਣ ਅਤੇ ਮੰਤਰੀਆਂ ਦੀ ਵਾਕਫ਼ੀਅਤ ਹੋਣ ਦੇਣ ਦੀ ਅਪੀਲ ਕੀਤੀ ਪਰ ਅਪੀਲ ਦਾ ਕੋਈ ਅਸਰ ਨਾ ਹੋਇਆ ਅਤੇ ਸਦਨ ਵਿਚ ਹੰਗਾਮਾ ਜਾਰੀ ਰਿਹਾ। ਬਿਰਲਾ ਨੇ ਕਿਹਾ, ‘ਰਵਾਇਤਾਂ ਨੂੰ ਨਾ ਤੋੜੋ। ਤੁਸੀਂ ਲੰਮੇ ਸਮੇਂ ਤਕ ਸ਼ਾਸਨ ਵਿਚ ਰਹੇ ਹੋ। ਤੁਸੀਂ ਰਵਾਇਤ ਨੂੰ ਤੋੜ ਕੇ ਸਦਨ ਦੇ ਵੱਕਾਰ ਨੂੰ ਘੱਟ ਨਾ ਕਰੋ। ਇਸ ਸਦਨ ਦਾ ਵੱਕਾਰ ਕਾਇਮ ਰੱਖੋ। ਪ੍ਰਧਾਨ ਮੰਤਰੀ ਸਦਨ ਦੇ ਨੇਤਾ ਹਨ ਅਤੇ ਫੇਰਬਦਲ ਬਾਅਦ ਮੰਤਰੀ ਮੰਡਲ ਦੀ ਪਛਾਣ ਕਰਾ ਰਹੇ ਹਨ। ਤੁਸੀਂ ਸਦਨ ਦਾ ਵੱਕਾਰ ਕਾਇਮ ਰੱਖੋ।’ ਮੋਦੀ ਨੇ ਕਿਹਾ, ‘ਮੈਂ ਸੋਚ ਰਿਹਾ ਸੀ ਕਿ ਸਦਨ ਵਿਚ ਉਤਸ਼ਾਹ ਦਾ ਵਾਤਾਵਰਣ ਹੋਵੇਗਾ ਕਿਉਂਕਿ ਭਾਰੀ ਗਿਣਤੀ ਵਿਚ ਸਾਡੀਆਂ ਔਰਤਾਂ ਸੰਸਦ ਮੈਂਬਰ ਬਣੀਆਂ ਹਨ। ਅੱਜ ਖ਼ੁਸ਼ੀ ਦਾ ਮਾਹੌਲ ਹੋਵੇਗਾ ਕਿ ਆਦਿਵਾਸੀ ਸਾਥੀ ਭਾਰੀ ਗਿਣਤੀ ਵਿਚ ਮੰਤਰੀ ਬਣੇ ਹਨ।’