ਨਵੀਂ ਦਿੱਲੀ : ਇਜ਼ਰਾਇਲੀ ਕੰਪਨੀ ਦੇ ਪੇਗਾਸਸ ਸਾਫ਼ਟਵੇਅਰ ਜ਼ਰੀਏ ਫੋਨ ਟੈਪਿੰਗ ਦੀ ਰੀਪੋਰਟ ’ਤੇ ਸੰਸਦ ਦੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਸਦਨ ਵਿਚ ਜ਼ੋਰਦਾਰ ਹੰਗਾਮਾ ਹੋਇਆ। ਕਾਂਗਰਸ ਨੇ ਪੱਤਰਕਾਰਾਂ ਸਮੇਤ ਦੂਜੀਆਂ ਹਸਤੀਆਂ ਦੇ ਫ਼ੋਨ ਟੈਪਿੰਗ ਦੀ ਸੁਤੰਤਰ ਜਾਂਚ ਕਰਾਉਣ ਦੀ ਮੰਗ ਕੀਤੀ। ਸਰਕਾਰ ਨੇ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਰੀਪੋਰਟ ਵਿਚ ਲੀਕ ਹੋਏ ਡੇਟਾ ਦਾ ਜਾਸੂਸੀ ਨਾਲ ਕੋਈ ਸਬੰਧ ਨਹੀਂ ਹੈ। 16 ਮੀਡੀਆ ਅਦਾਰਿਆਂ ਦੀ ਸਾਂਝੀ ਪੜਤਾਲ ਦੇ ਬਾਅਦ ਜਾਰੀ ਇਸ ਰੀਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੇਗਾਸਸ ਸਾਫ਼ਟਵੇਅਰ ਜ਼ਰੀਏ ਸਰਕਾਰ ਪੱਤਰਕਾਰਾਂ ਸਮੇਤ ਉਘੀਆਂ ਹਸਤੀਆਂ ਦੀ ਜਾਸੂਸੀ ਕਰਾ ਰਹੀ ਹੈ। ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, ‘ਐਤਵਾਰ ਦੀ ਰਾਤ ਨੂੰ ਵੈਬ ਪੋਰਟਲ ਨੇ ਬੇਹੱਦ ਸਨਸਨੀਖੇਜ ਖ਼ਬਰ ਛਾਪੀ ਹੈ। ਇਯ ਵਿਚ ਕਈ ਗੰਭੀਰ ਦੋਸ਼ ਲਾਏ ਗਏ ਹਨ। ਸੰਸਦ ਦੇ ਮਾਨਸੂਨ ਇਜਲਾਸ ਦੀ ਸ਼ੁਰੂਆਤ ਦੇ ਇਕ ਦਿਨ ਪਹਿਲਾਂ ਇਸ ਸਟੋਰੀ ਨੂੰ ਲਿਆਂਦਾ ਗਿਆ। ਇਹ ਸਭ ਇਤਫ਼ਾਕ ਹੋ ਸਕਦਾ ਹੈ। ਪਹਿਲਾਂ ਵੀ ਵਟਸਐਪ ’ਤੇ ਪੇਗਾਸਸ ਦੀ ਵਰਤੋਂ ਸਬੰਧੀ ਇਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਸਨ। ਉਨ੍ਹਾਂ ਰੀਪੋਰਟਾਂ ਵਿਚ ਕੋਈ ਤੱਥ ਨਹੀਂ ਸੀ ਅਤੇ ਉਨ੍ਹਾਂ ਨੂੰ ਸਾਰਿਆਂ ਨੇ ਨਕਾਰ ਦਿਤਾ ਸੀ। 18 ਜੁਲਾਈ ਨੂੰ ਛਪੀ ਰੀਪੋਰਟ ਭਾਰਤ ਦੇ ਲੋਕਤੰਤਰ ਅਤੇ ਉਸ ਦੇ ਅਦਾਰਿਆਂ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਵਿਖਾਈ ਦਿੰਦੀ ਹੈ।’ ਉਨ੍ਹਾਂ ਕਿਹਾ ਕਿ ਜਾਸੂਸੀ ਖ਼ਿਲਾਫ਼ ਸਾਡੇ ਦੇਸ਼ ਵਿਚ ਸਖ਼ਤ ਕਾਨੂੰਨ ਹੈ। ਮੰਤਰੀਆਂ ਦੇ ਇਨ੍ਹਾਂ ਭਰੋਸਿਆਂ ਅਤੇ ਗੱਲਾਂ ’ਤੇ ਵਿਰੋਧੀ ਧਿਰਾਂ ਸ਼ਾਂਤ ਨਹੀਂ ਹੋਈਆਂ ਅਤੇ ਸਦਨ ਵਿਚ ਹੰਗਾਮਾ ਹੁੰਦਾ ਰਿਹਾ। ਕਾਂਗਰਸ, ਸ਼ਿਵ ਸੈਨਾ ਸਮੇਤ ਹੋਰ ਵਿਰੋਧੀ ਧਿਰਾਂ ਨੇ ਮੰਗ ਕੀਤੀ ਕਿ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਇਸ ਮਸਲੇ ’ਤੇ ਸੰਸਦ ਦੀ ਕਾਰਵਾਈ ਵਾਰ ਵਾਰ ਰੁਕਦੀ ਰਹੀ।