ਪੁਲਿਸ ਨੇ ਕਿਹਾ, ਕਿਸਾਨਾਂ 'ਤੇ ਹੋ ਸਕਦੈ ਅਤਿਵਾਦੀ ਹਮਲਾ
ਨਵੀਂ ਦਿੱਲੀ: ਕਿਸਾਨਾਂ ਨੇ ਮੰਗਲਵਾਰ ਯਾਨੀ ਕਿ ਅੱਜ ਸੰਸਦ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ ਪਰ ਪੁਲਿਸ ਨੇ ਆਨੇ-ਬਹਾਨੇ ਸੁਰੱਖਿਆ ਪ੍ਰਬੰਧ ਅਜਿਹੇ ਕੀਤੇ ਹਨ ਕਿ ਕਿਸੇ ਵੀ ਟਰੈਕਟਰ ਨੂੰ ਦਿੱਲੀ ਅੰਦਰ ਹੀ ਵੜਨ ਨਾ ਦਿਤਾ ਜਾਵੇ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਨਸੂਨ ਸੈਸ਼ਨ ਦੌਰਾਨ ਸੰਸਦ ਦੇ ਬਾਹਰ ਕਿਸਾਨਾਂ ਦੁਆਰਾ ਕੀਤੇ ਗਏ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਦਿੱਲੀ ਪੁਲਿਸ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਐਤਵਾਰ ਨੂੰ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਨੂੰ ਮੁਲਤਵੀ ਕਰਨ ਲਈ ਕਿਸਾਨ ਜਥੇਬੰਦੀਆਂ ਨੂੰ ਮਨਾਉਣ ਦੀ ਦਿੱਲੀ ਪੁਲਿਸ ਦੀ ਕੋਸ਼ਿਸ਼ ਅਸਫਲ ਰਹੀ। ਪ੍ਰਦਰਸ਼ਨ ਲਈ ਕਿਸਾਨਾਂ ਨੂੰ ਹੋਰ ਸਥਾਨ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਕਿਸਾਨ ਸਹਿਮਤ ਨਹੀਂ ਹੋਏ। ਅਜਿਹੀ ਸਥਿਤੀ 'ਚ 26 ਜਨਵਰੀ ਨੂੰ ਕਿਸਾਨਾਂ ਦੀ ਹਿੰਸਾ ਦੇ ਮੱਦੇਨਜ਼ਰ ਦਿੱਲੀ ਪੁਲਿਸ ਦੀ ਚਿੰਤਾ ਵਧ ਗਈ ਹੈ। ਹੁਣ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ 'ਤੇ ਅਤਿਵਾਦੀ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਸੰਸਦ ਭਵਨ ਦੀ ਸੜਕ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੌਨਸੂਨ ਸੈਸ਼ਨ ਦੌਰਾਨ ਸੰਸਦ ਦੀ 24 ਘੰਟੇ ਸੁਰੱਖਿਆ ਹੋਵੇਗੀ। ਸੰਸਦ ਦੀ ਸੁਰੱਖਿਆ ਕਈ ਪੱਧਰਾਂ 'ਤੇ ਕੀਤੀ ਗਈ ਹੈ। ਦੂਜੇ ਪਾਸੇ ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਨੂੰ ਸਖ਼ਤ ਆਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਹਾਲਾਤ 'ਚ ਕਿਸੇ ਵੀ ਟਰੈਕਟਰ ਨੂੰ ਨਵੀਂ ਦਿੱਲੀ ਦੇ ਖੇਤਰ 'ਚ ਦਾਖਲ ਹੋਣ ਦੀ ਮਨਜੂਰੀ ਨਾ ਦਿੱਤੀ ਜਾਵੇ। ਨਵੀਂ ਦਿੱਲੀ ਦੇ ਜ਼ਿਲ੍ਹਾ ਡੀਸੀਪੀ ਦੀਪਕ ਯਾਦਵ ਨੇ ਕਿਹਾ ਕਿ ਪੁਲਿਸ ਨੇ ਸੰਸਦ 'ਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹਨ। ਇੱਥੇ ਸੁਰੱਖਿਆ ਸਾਡੀ ਪ੍ਰਾਥਮਿਕਤਾ ਹੋਵੇਗੀ। ਡ੍ਰੋਨ ਹਮਲਿਆਂ ਦੇ ਖਤਰੇ ਨੂੰ ਧਿਆਨ 'ਚ ਰੱਖਦੇ ਹੋਏ ਸੰਸਦ ਦੇ ਆਸਪਾਸ ਮਲਟੀ ਲੇਅਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।