ਮੁੰਬਈ : ਹਿੰਦੀ ਸਿਨੇਮਾ ਦੀ ਚਰਚਿਤ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਵੱਡੇ ਸਿਆਸੀ ਆਗੂਆਂ ਨਾਲ ਨੇੜਤਾ ਇਸ ਵਾਰ ਕੰਮ ਨਹੀਂ ਆਈ। ਮੁੰਬਈ ਪੁਲਿਸ ਦੇ ਸੂਤਰ ਦਸਦੇ ਹਨ ਕਿ ਉਸ ਦੇ ਪਤੀ ਰਾਜ ਕੁੰਦਰਾ ਨੂੰ ਸੋਮਵਾਰ ਨੂੰ ਪੁੱਛਗਿਛ ਲਈ ਬੁਲਾਏ ਜਾਣ ਦੇ ਬਾਅਦ ਤੋਂ ਸੂਬੇ ਦੇ ਵੱਡੇ ਆਈਪੀਐਸ ਅਫ਼ਸਰਾਂ ਦੇ ਹੀ ਨਹੀਂ ਸਗੋਂ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਦੇ ਵੀ ਆਗੂਆਂ ਦੇ ਵੀ ਫ਼ੋਨ ਮਦਦ ਲਈ ਖੜਕਦੇ ਰਹੇ। ਪਰ ਨਵੇਂ ਪੁਲਿਸ ਕਮਿਸ਼ਨਰ ਹੇਮੰਤ ਨਾਗਰਾਲੇ ਇਸ ਮਾਮਲੇ ਵਿਚ ਸਿੱਧੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਰੀਪੋਰਟ ਕਰ ਰਹੇ ਹਨ ਅਤੇ ਉਥੋਂ ਨਾਗਰਾਲੇ ਨੂੰ ਇਸ ਮਾਮਲੇ ਨੂੰ ਕਾਇਦੇ ਅਤੇ ਕਾਨੂੰਨ ਮੁਤਾਬਕ ਨਜਿੱਠਣ ਦੀ ਛੋਟ ਮਿਲੀ ਹੋਈ ਹੈ। ਰਾਜ ਕੁੰਦਰਾ ਬਾਰੇ ਵਿਵਾਦ ਇਸ ਸਾਲ ਫ਼ਰਵਰੀ ਵਿਚ ਉਠਿਆ ਸੀ। ਸਾਗਰਿਕਾ ਸ਼ੋਨਾ ਨਾਮਕ ਮਾਡਲ ਨੇ ਵੀਡੀਓ ਜਾਰੀ ਕਰ ਕੇ ਅਸ਼ਲੀਲ ਫ਼ਿਲਮ ਰੈਕੇਟ ਵਿਚ ਰਾਜ ਦਾ ਨਾਮ ਲਿਆ ਸੀ। ਇਸ ਖ਼ਬਰ ਨੂੰ ਵਿਖਾਉਣ ਵਾਲੇ ਨਿਊਜ਼ ਚੈਨਲਾਂ, ਨਿਊਜ਼ ਪੋਰਟਲ ਅਤੇ ਅਖ਼ਬਾਰਾਂ ਨੂੰ ਰਾਜ ਕੁੰਦਰਾ ਦੀ ਵਕੀਲ ਵਲੋਂ ਕਾਨੂੰਨੀ ਨੋਟਿਸ ਵੀ ਭੇਜੇ ਗਏ ਸਨ। ਪੁਲਿਸ ਸੂਤਰ ਦਸਦੇ ਹਨੀ ਕਿ ਮੀਡੀਆ ਨੂੰ ਧਮਕੀਆਂ ਦੀਆਂ ਸਾਰੀਆਂ ਰੀਪੋਰਟਾਂ ਨਾਗਰਾਲੇ ਨੇ ਮੁੰਬਈ ਪੁਲਿਸ ਕਮਿਸ਼ਨਰ ਦਾ ਚਾਰਜ ਸੰਭਾਲਦਿਆਂ ਹੀ ਅਪਣੇ ਦਫ਼ਤਰ ਵਿਚ ਤਲਬ ਕਰ ਲਈਆਂ ਸਨ। ਇਸ ਸਾਲ ਵੈਲੰਨਟਾਈਨ ਡੇਅ ਤੋਂ ਤਿੰਨ ਦਿਨ ਪਹਿਲਾਂ ਸਾਗਰਿਕਾ ਨੇ ਵੀਡੀਓ ਜਾਰੀ ਕਰ ਕੇ ਹਿੰਦੀ ਫ਼ਿਲਮ ਇੰਡਸਟਰੀ ਵਿਚ ਹਲਚਲ ਮਚਾ ਦਿਤੀ ਸੀ। ਉਸ ਨੇ ਰਾਜ ਉਤੇ ਕਈ ਗੰਭੀਰ ਦੋਸ਼ ਲਾਏ ਸਨ। ਰਾਜ ਦੀ ਟੀਮ ਨੇ ਖ਼ਬਰਾਂ ਨੂੰ ਨਕਾਰਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਮੀਡੀਆ ਅਦਾਰਿਆਂ ਨੂੰ ਧਮਕੀਆਂ ਵੀ ਦਿਤੀਆਂ।