ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਫ਼ਿਲਹਾਲ ਘੱਟ ਹੈ ਅਤੇ ਇਸ ਬੀਮਾਰੀ ਨਾਲ ਸਿੱਝਣ ਦੇ ਤਰੀਕਿਆਂ ਸਬੰਧੀ ਵਿਰੋਧੀ ਧਿਰ ਸਰਕਾਰ ਨੂੰ ਘੇਰ ਰਹੀ ਹੈ। ਅੱਜ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਸਰਕਾਰ ਨੂੰ ਪੁਛਿਆ ਕਿ ਕੋਰੋਨਾ ਕਾਰਨ ਕਿੰਨੇ ਲੋਕ ਮਰੇ ਹਨ, ਕੀ ਇਹ ਰਹੱਸ ਹੀ ਬਣਿਆ ਰਹੇਗਾ? ਖੜਗੇ ਨੇ ਕਿਹਾ ਕਿ ਏਨੇ ਵੱਡੇ ਦੇਸ਼ ਵਿਚ ਕੋਰੋਨਾ ਨਾਲ ਕਿੰਨੇ ਲੋਕ ਮਰੇ ਹਨ, ਇਸ ਬਾਰੇ ਸਭ ਨੂੰ ਪਤਾ ਲਗਣਾ ਚਾਹੀਦਾ ਹੈ। ਸਰਕਾਰ ਦੇਸ਼ ਵਿਚ ਕੋਰੋਨਾ ਨਾਲ 4 ਲੱਖ ਤੋਂ ਵੱਧ ਮੌਤਾਂ ਦਸਦੀ ਹੈ, ਜੋ ਝੂਠੇ ਅੰਕੜੇ ਸਰਕਾਰ ਜਾਰੀ ਕਰ ਰਹੀ ਹੈ, ਉਹ ਸੱਚ ਤੋਂ ਦੂਰ ਹਨ। ਉਨ੍ਹਾਂ ਕਿਹਾ ਕਿ ਸੰਘ ਦੇ ਮੁਖੀ ਮੋਹਨ ਭਾਗਵਤ ਨੇ 15 ਮਈ 2021 ਨੂੰ ਕਿਹਾ ਸੀ ਕਿ ਜਿਹੜੇ ਲੋਕ ਚਲੇ ਗਏ, ਉਹ ਮੁਕਤ ਹੋ ਗਏ ਹਨ। ਸਰਕਾਰ ਦਾ ਸਮਰਥਨ ਕਰਨ ਵਾਲੇ ਸੰਘ ਦੀ ਕੀ ਨੀਤੀ ਅਤੇ ਇਰਾਦਾ ਹੈ, ਇਹ ਇਸ ਤੋਂ ਪਤਾ ਲਗਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਕ ਦੂਰੀ ਬਣਾਈ ਰੱਖਣ ਲਈ ਕਿਹਾ ਹੋਇਆ ਹੈ। ਪਰ ਵੱਖ ਵੱਖ ਰਾਜਾਂ ਵਿਚ ਚੋਣਾਂ ਦੌਰਾਨ ਉਹ ਕੀ ਕਰ ਰਹੇ ਸਨ? ਤੁਸੀਂ ਅਪਣੇ ਹੀ ਨਿਯਮ ਤੋੜ ਰਹੇ ਹੋ? ਨੋਟਬੰਦੀ ਵਾਂਗ ਰਾਤੋ ਰਾਤ ਤਾਲਾਬੰਦੀ ਦਾ ਐਲਾਨ ਕਰ ਦਿਤਾÇ ਗਆ। ਸਰਕਾਰ ਨੇ ਇਸ ਦੀ ਤਿਆਰੀ ਨਹੀਂ ਕੀਤੀ। ਲੋਕਾਂ ਦੇ ਘਰ ਵਾਪਸ ਜਾਣ ਲਈ ਕੋਈ ਟਰੇਨ ਨਹੀਂ ਸੀ। ਲੋਕਾਂ ਦੀ ਉਪਜੀਵਕਾ ਪ੍ਰਭਾਵਤ ਹੋਈ। ਸਰਕਾਰ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਕੁਝ ਹੀ ਦੇਰ ਬਾਅਦ ਦੁਪਹਿਰ 12 ਵਜੇ ਤਕ ਲਈ ਰੋਕ ਦਿਤੀ ਗਈ ਸੀ।