ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਇਜਲਾਸ ਦਾ ਦੂਜਾ ਦਿਨ ਵੀ ਹੰਗਾਮੇ ਦੀ ਭੇਟ ਚੜ੍ਹ ਗਿਆ। ਪੇਗਾਗਸ ਜਾਸੂਸੀ ਵਿਵਾਦ ਕਾਰਨ ਕਾਫ਼ੀ ਰੌਲਾ-ਰੱਪਾ ਪਿਆ ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਢੰਗ ਨਾਲ ਨਹੀਂ ਚੱਲ ਸਕੀ। ਮਹਿਜ਼ ਚਾਰ ਮਿੰਟ ਦੇ ਬਾਅਦ ਲੋਕ ਸਪਾ ਦੀ ਕਾਰਵਾਈ ਦੁਪਹਿਰ 2 ਵਜੇ ਤਕ ਰੋਕ ਦਿਤੀ ਗਈ। ਕਾਰਵਾਈ ਦੁਬਾਰਾ ਸ਼ੁਰੂ ਹੁੰਦੇ ਹੀ ਫਿਰ ਹੰਗਾਮਾ ਸ਼ੁਰੂ ਹੋ ਗਿਆ ਅਤੇ ਕਰੀਬ 10 ਮਿੰਟਾਂ ਬਾਅਦ ਫਿਰ ਦੁਪਹਿਰ 3 ਵਜੇ ਤਕ ਕਾਰਵਾਈ ਰੋਕ ਦਿਤੀ ਗਈ। ਉਧਰ, ਰਾਜ ਸਭਾ ਵਿਚ ਦੁਪਹਿਰ 1 ਵਜੇ ਮੁੜ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਨੇ ਫਿਰ ਹੰਗਾਮਾ ਕੀਤਾ ਅਤੇ ਜੰਮ ਕੇ ਨਾਹਰੇਬਾਜ਼ੀ ਕੀਤੀ। ਕਾਂਗਰਸ ਨੇ ਪੇਗਾਸਸ ਜਾਸੂਸੀ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਕੋਰੋਨਾ ਸਬੰਧੀ ਸਦਨ ਵਿਚ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਸੰਬੋਧਨ ਕਰਨਾ ਸੀ ਪਰ ਕਾਫ਼ੀ ਰੌਲਾ ਪੈਂਦਾ ਰਿਹਾ। ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ 21 ਰਾਜਸੀ ਪਾਰਟੀਆਂ ਦੇ 26 ਸੰਸਦ ਮੈਂਬਰਾਂ ਨੇ ਕੋਵਿਡ ਸਬੰਧੀ ਬਹਿਸ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਲਾਹ ਹੈ ਕਿ ਸਾਨੂੰ ਦੇਸ਼ ਵਿਚ ਵਿਸ਼ਵਾਸ ਦੀ ਭਾਵਨਾ ਦਾ ਸੰਚਾਰ ਕਰਨਾ ਚਾਹੀਦਾ ਹੈ। ਤੀਜੀ ਲਹਿਰ ਦੀਆਂ ਗੱਲਾਂ ਪਹਿਲਾਂ ਤੋਂ ਹੀ ਹੋ ਰਹੀਆਂ ਹਨ ਅਤੇ ਸਾਨੂੰ ਲੋਕਾਂ ਨੂੰ ਭਰੋਸਾ ਦੇਣਾ ਚਾਹੀਦਾ ਹੈ ਕਿ ਇਸ ਨਾਲ ਸਿੱਝਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਰਾਜ ਸਭਾ ਵਿਚ ਕਿਹਾ, ‘ਸਾਡੀ ਸਰਕਾਰ ਨੇ ਹਮੇਸ਼ਾ ਕਿਹਾ ਹੈ ਕਿ ਇਸ ਸੰਕਟ ਨੂੰ ਰਾਜਨੀਤੀ ਦਾ ਕਾਰਨ ਨਹੀਂ ਬਣਨ ਦਿਤਾ ਜਾਣਾ ਚਾਹੀਦਾ। ਅਜਿਹੇ ਸੰਕਟ ਦੇ ਸਮੇਂ ਰਾਜਨੀਤੀ ਨਹੀਂ ਹੋਣੀ ਚਾਹੀਦੀ।’ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਫ਼ੈਸਲਾ ਕਰਨਾ ਪਵੇਗਾ ਕਿ ਅਸੀਂ ਤੀਜੀ ਲਹਿਰ ਨਹੀਂ ਆਉਣ ਦੇਵਾਂਗੇ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨਾਲ ਸਫ਼ਲਤਾ ਨਾਲ ਨਜਿੱਠਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਸਦਨ ਦੀ ਕਾਰਵਾਈ 22 ਜੁਲਾਈ ਤਕ ਮੁਲਤਵੀ ਕਰ ਦਿਤੀ ਗਈ ਹੈ।