ਨਵੀਂ ਦਿੱਲੀ :ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਨਾਲ ਕੋਈ ਮੌਤ ਨਾ ਹੋਣ ਦੇ ਬਿਆਨ ਸਬੰਧੀ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਇਹ ਮੌਤਾਂ ਇਸ ਲਈ ਹੋਈਆਂ ਕਿਉਂਕਿ ਮਹਾਂਮਾਰੀ ਵਾਲੇ ਸਾਲ ਵਿਚ ਸਰਕਾਰ ਨੇ ਆਕਸੀਜਨ ਨਿਰਯਾਤ ਵਧਾ ਦਿਤਾ ਅਤੇ ਆਕਸੀਜਨ ਦੀ ਢੁਆਈ ਕਰਨ ਵਾਲੇ ਟੈਂਕਰਾਂ ਦੀ ਵਿਵਸਥਾ ਨਹੀਂ ਕੀਤੀ। ਕੇਂਦਰ ਸਰਕਾਰ ਨੇ ਰਾਜ ਸਭਾ ਨੂੰ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਸਿਆ ਸੀ ਕਿ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕਿਸੇ ਵੀ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਆਕਸੀਜਨ ਦੀ ਕਮੀ ਵਿਚ ਕਿਸੇ ਵੀ ਮਰੀਜ਼ ਦੀ ਮੌਤ ਦੀ ਖ਼ਬਰ ਨਹੀਂ ਮਿਲੀ ਹੈ। ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, ‘ਆਕਸੀਜਨ ਦੀ ਕਮੀ ਨਾਲ ਕੋਈ ਮੌਤ ਨਹੀਂ ਹੋਈ : ਕੇਂਦਰ ਸਰਕਾਰ। ਮੌਤਾਂ ਇਸ ਲਈ ਹੋਈਆਂ ਕਿਉਂਕਿ ਮਹਾਂਮਾਰੀ ਵਾਲੇ ਸਾਲ ਵਿਚ ਸਰਕਾਰ ਨੇ ਆਕਸੀਜਨ ਨਿਰਯਾਤ 700 ਫ਼ੀਸਦੀ ਤਕ ਵਧਾ ਦਿਤਾ।’ ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਕਮੇਟੀ ਦੀ ਸਲਾਹ ਦੀ ਅਣਦੇਖੀ ਕੀਤੀ ਅਤੇ ਆਕਸੀਜਨ ਉਪਲਭਧ ਕਰਾਉਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ। ਕਾਂਗਰਸ ਆਗੂ ਨੇ ਕਿਹਾ, ‘ਹਸਪਤਾਲਾਂ ਵਿਚ ਆਕਸੀਜਨ ਪਲਾਂਟ ਲਾਉਣ ਵਿਚ ਕੋਈ ਸਰਗਰਮੀ ਨਹੀਂ ਵਿਖਾਈ ਗਈ।’ ਜ਼ਿਕਰਯੋਗ ਹੈ ਕਿ ਕਾਂਗਰਸ ਨੇ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਣ ਪਵਾਰ ’ਤੇ ਇਹ ਗ਼ਲਤ ਸੂਚਨਾ ਦੇ ਕੇ ਸੰਸਦ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਸੀ ਕਿ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਕਾਰਨ ਕਿਸੇ ਦੀ ਜਾਨ ਨਹੀਂ ਗਈ। ਕਾਂਗਰਸ ਆਗੂ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਉਹ ਮੰਤਰੀ ਵਿਰੁਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦੇਣਗੇ ਕਿਉਂਕਿ ਉਨ੍ਹਾਂ ਸੰਸਦ ਨੂੰ ਗੁਮਰਾਹ ਕੀਤਾ ਹੈ।