ਮੁੰਬਈ : ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਮਗਰੋਂ ਕਈ ਖੁਲਾਸੇ ਹੋਏ ਹਨ। ਜਾਂਚ ਵਿਚ ਸਾਹਮਣੇ ਆਇਆ ਕਿ ਕੁੰਦਰਾ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਕਰਾਈਮ ਬ੍ਰਾਂਚ ਨੇ 5 ਮਹੀਨੇ ਤਕ ਸਖ਼ਤ ਪੜਤਾਲ ਕੀਤੀ। ਟੀਮ ਅਸ਼ਲੀਲ ਫ਼ਿਲਮਾਂ ਬਣਾਉਣ ਵਾਲੇ ਗਿਰੋਹ ਨੂੰ ਲੱਭ ਰਹੀ ਸੀ, ਇਸੇ ਦੌਰਾਨ ਰਾਜ ਦਾ ਨਾਮ ਸਾਹਮਣੇ ਆਇਆ। ਜਾਂਚ ਵਿਚ ਪਤਾ ਲੱਗਾ ਕਿ ਉਹ 20 ਤੋਂ 25 ਸਾਲ ਦੀਆਂ ਸੰਘਰਸ਼ਸ਼ੀਲ ਕੁੜੀਆਂ ਨੂੰ ਨਿਸ਼ਾਨਾ ਬਣਾ ਕੇ, ਉਨ੍ਹਾਂ ਨੂੰ ਕੰਟਰੈਕਟ ਵਿਚ ਫਸਾ ਕੇ ਫ਼ਿਲਮਾਂ ਦੇ ਕੰਮ ਲਈ ਮਜਬੂਰ ਕਰਦੇ ਸਨ। ਪੁਲਿਸ ਨੇ ਮਲਾਡ ਪਛਮੀ ਦੇ ਮਡ ਪਿੰਡ ਵਿਚ ਕਿਰਾਏ ਦੇ ਬੰਗਲੇ ਵਿਚ ਛਾਪਾ ਮਾਰਿਆ ਅਤੇ ਉਥੋਂ ਪੁਖਤਾ ਸਬੂਤ ਮਿਲਣ ਮਗਰੋਂ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਸ਼ਿਪਲਾ ਸ਼ੈਟੀ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਕੁੰਦਰਾ ਦੇ ਦਫ਼ਤਰ ਤੋਂ ਅਕਾਊਂਟ ਸ਼ੀਟ, ਵਟਸਐਪ ਚੈਟ ਅਤੇ ਪੋਰਨੋਗ੍ਰਾਫ਼ੀ ਕਲਿਪ ਮਿਲੇ ਹਨ। ਹਾਲੇ ਹੋਰ ਗ੍ਰਿਫਤਾਰੀਆਂ ਹੋਣੀਆਂ ਹਨ। ਕੁੰਦਰਾ ਫ਼ਿਲਮ ਨਿਰਮਾਣ ਲਈ ਬਣੇ ਪ੍ਰੋਡਕਸ਼ਨ ਹਾਊਸ ਦੀ ਆੜ ਵਿਚ ਵੱਡਾ ਪੌਰਨ ਫ਼ਿਲਮ ਰੈਕੇਟ ਚਲਾਉਂਦਾ ਸੀ। ਉਸ ਦੀਆਂ ਫ਼ਿਲਮਾਂ ਵਿਚ ਕੰਮ ਕਰਨ ਵਾਲੀਆਂ ਜ਼ਿਆਦਾਤਰ ਕੁੜੀਆਂ ਅਤੇ ਮੁੰਡੇ ਕਰੀਅਰ ਬਣਾਉਣ ਲਈ ਮੁੰਬਈ ਆਏ ਹੁੰਦੇ ਸਨ। ਉਹ 20 ਤੋਂ 25 ਸਾਲ ਦੇ ਕਲਾਕਾਰਾਂ ਨੂੰ ਚੁਣਦੇ ਸਨ। ਸ਼ੂਟਿੰਗ ਤੋਂ ਪਹਿਲਾਂ ਕੰਟਰੈਕਟ ਕਰਦੇ ਸਨ ਅਤੇ ਸ਼ੂਟਿੰਗ ਛੱਡਣ ’ਤੇ ਕਾਰਵਾਈ ਕਰਨ ਦੀ ਧਮਕੀ ਦਿੰਦੇ ਸਨ। ਇਕ ਕਲਾਕਾਰ ਨੂੰ ਇਕ ਦਿਨ ਦਾ 30 ਤੋਂ 35 ਹਜ਼ਾਰ ਰੁਪਇਆ ਮਿਲਦਾ ਸੀ। ਉਕਤ ਬੰਗਲੇ ਦਾ ਇਕ ਦਿਨ ਦਾ ਕਿਰਾਇਆ 20 ਹਜ਼ਾਰ ਰੁਪਏ ਸੀ ਤੇ ਇਸੇ ਬੰਗਲੇ ਵਿਚ ਫ਼ਿਲਮਾਂ ਬਣਦੀਆਂ ਸਨ। ਬੰਗਲੇ ਅੰਦਰ ਸੈੱਟ ਬਣਿਆ ਹੋਇਆ ਸੀ। ਸ਼ੂਟਿੰਗ ਸਮੇਂ ਨੀਲੇ ਰੰਗ ਦੇ ਪਰਦੇ ਲਾ ਦਿਤੇ ਜਾਂਦੇ ਸਨ।