ਨਵੀਂ ਦਿੱਲੀ: ਓਲੰਪਿਕ ਖੇਡਾਂ ਲਈ ਭਾਰਤ ਨੇ ਹੁਣ ਤਕ ਦਾ ਸਭ ਤੋਂ ਵੱਡਾ ਦਲ ਟੋਕੀਉ ਭੇਜਿਆ ਹੈ। ਟੋਕੀਉ ਉਲੰਪਿਕ ਵਿਚ ਭਾਰਤ ਵਲੋਂ 127 ਖਿਡਾਰੀ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਹਰਿਆਣਾ ਅਤੇ ਪੰਜਾਬ ਦੇ ਐਥਲੀਟ ਸ਼ਾਮਲ ਹਨ। ਭਾਰਤ ਦੀ ਆਬਾਦੀ ਵਿਚ 4.4 ਫ਼ੀਸਦੀ ਹਿੱਸੇਦਾਰੀ ਰੱਖਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਸਭ ਤੋਂ ਜ਼ਿਆਦਾ 50 ਖਿਡਾਰੀ ਹਿੱਸਾ ਲੈ ਰਹੇ ਹਨ। ਉਂਜ ਹਮੇਸ਼ਾ ਹੀ ਪੰਜਾਬ ਅਤੇ ਹਰਿਆਣਾ ਤੋਂ ਸਭ ਤੋਂ ਜ਼ਿਆਦਾ ਖਿਡਾਰੀ ਹਿੱਸਾ ਲੈਂਦੇ ਹਨ ਅਤੇ ਮੈਡਲ ਹਾਸਲ ਕਰਦੇ ਹਨ। ਇਨ੍ਹਾਂ ਖੇਡਾਂ ਵਿਚ ਹਰਿਆਣਾ ਦੇ 31 ਅਤੇ ਪੰਜਾਬ 19 ਖਿਡਾਰੀ ਹਿੱਸਾ ਲੈ ਰਹੇ ਹਨ। ਦੋਹਾਂ ਰਾਜਾਂ ਮਗਰੋਂ ਸਭ ਤੋਂ ਜ਼ਿਆਦਾ ਹਿੱਸਾ ਤਾਮਿਲਨਾਡੂ ਦਾ ਹੈ ਜਿਥੋਂ ਦੇ 11 ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਤੋਂ ਬਾਅਦ ਕੇਰਲਾ ਅਤੇ ਯੂਪੀ ਦੇ 8-8 ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤ ਦੀ ਕੁਲ ਆਬਾਦੀ ਵਿਚ 17 ਫੀਸਦੀ ਹਿੱਸਾ ਰੱਖਣ ਵਾਲੇ ਯੂਪੀ ਦਾ ਖੇਡਾਂ ਵਿਚ ਮਹਿਜ਼ 6.3 ਫੀਸਦੀ ਯੋਗਦਾਨ ਹੈ। ਖੇਡਾਂ ਵਿਚ ਸ਼ਾਮਲ ਹੋਣ ਵਾਲੀਆਂ 19 ਮਹਿਲਾ ਹਾਕੀ ਖਿਡਾਰਨਾਂ ਵਿਚੋਂ 9 ਹਰਿਆਣਾ ਦੀਆਂ ਹਨ ਜਦਕਿ 7 ਪਹਿਲਵਾਨ ਹਨ ਜਿਨ੍ਹਾਂ ਵਿਚ 4 ਔਰਤਾਂ ਅਤੇ 3 ਪੁਰਸ਼ ਹਨ। ਚਾਰ ਬਾਕਸਰ ਅਤੇ ਚਾਰ ਸ਼ੂਟਰ ਸ਼ਾਮਲ ਹਨ। ਪੁਰਸ਼ ਹਾਕੀ ਟੀਮ ਵਿਚ ਪੰਜਾਬ ਦੇ 11 ਖਿਡਾਰੀ ਸ਼ਾਮਲ ਹਨ। ਦੋ ਸ਼ੂਟਰ, ਤਿੰਨ ਐਥਲੈਟਿਕਸ, ਦੋ ਮਹਿਲਾ ਹਾਕੀ ਟੀਮ ਦੇ ਮੈਂਬਰ ਅਤੇ ਇਕ ਬਾਕਸਰ ਸ਼ਾਮਲ ਹੈ। ਤਾਮਿਲਨਾਡੂ ਦੇ 5 ਐਥਲੀਟ ਸ਼ਾਮਲ ਹਨ। ਦੋ ਖਿਡਾਰੀ ਟੇਬਲ ਟੈਨਿਸ ਵਿਚ ਅਤੇ ਇਕ ਫ਼ੈਂਸਿੰਗ ਵਿਚ ਹਿੱਸਾ ਲੈਣਗੇ। ਕੇਰਲਾ ਦੇ 6 ਐਥਲੈਟਿਕਸ ਟਰੈਕ ’ਤੇ ਅਤੇ ਫ਼ੀਲਡ ਈਵੰਟ ਵਿਚ ਹਿੱਸਾ ਲੈਣਗੇ। ਇਸ ਦੇ ਇਲਾਵਾ ਇਕ ਤੈਰਾਕੀ ਵਿਚ ਅਤੇ ਇਕ ਪੁਰਸ਼ ਹਾਕੀ ਟੀਮ ਵਿਚ ਸ਼ਾਮਲ ਹੈ।