ਨਵੀਂ ਦਿੱਲੀ : ਆਕਸੀਜਨ ਸਬੰਧੀ ਕੇਂਦਰ ਸਰਕਾਰ ਦੀ ਰੀਪੋਰਟ ਨਾਲ ਹੁਣ ਰਾਜਨੀਤੀ ਗਰਮਾ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਲ ਰਾਜ ਸਭਾ ਵਿਚ ਸਵਾਲ ਦੇ ਜਵਾਬ ਵਿਚ ਦਸਿਆ ਸੀ ਕਿ ਦੇਸ਼ ਵਿਚ ਆਕਸੀਜਨ ਦੀ ਕਮੀ ਨਾਲ ਇਕ ਵੀ ਮੌਤ ਨਹੀਂ ਹੋਈ। ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਰਾਜਾਂ ਨੇ ਆਕਸੀਜਨ ਨਾਲ ਮੌਤ ਦੀ ਕੋਹੀ ਜਾਣਕਾਰੀ ਕੇਂਦਰ ਨੂੰ ਨਹੀਂ ਦਿਤੀ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਇਸ ਮਸਲੇ ’ਤੇ ਕੇਂਦਰ ਨੂੰ ਨਿਸ਼ਾਨਾ ਬਣਾਇਆ। ਉਧਰ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਨੇ ਸੰਸਦ ਵਿਚ ਸਫੈਦ ਝੂਠ ਬੋਲਿਆ ਕਿ ਆਕਸੀਜਨ ਨਾਲ ਕੋਈ ਮੌਤ ਨਹੀਂ ਹੋਈ। ਕੇਂਦਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। 15 ਅਪ੍ਰੈਲ ਤੋਂ 5 ਮਈ ਤਕ ਕੇਂਦਰ ਸਰਕਾਰ ਵਲੋਂ ਆਕਸੀਜਨ ਸਲੰਡਰ ਵੰਡ ਵਿਚ ਗੜਬੜ ਹੋਈ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਕਮੀ ਕਾਰਨ ਪੂਰੇ ਦੇਸ਼ ਵਿਚ ਹਾਹਾਕਾਰ ਮਚੀ ਸੀ। ਸਾਰੇ ਦੇਸ਼ ਵਿਚ ਬੁਰਾ ਹਾਲ ਸੀ। ਉਨ੍ਹਾਂ ਕਿਹਾ ਕਿ ਸਰਕਾਰ ਅਪਣੀ ਗ਼ਲਤੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਵੀ ਕੇਂਦਰ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਜਿਹੜੇ ਲੋਕਾਂ ਦੀ ਮੌਤ ਆਕਸੀਜਨ ਦੀ ਕਮੀ ਨਾਲ ਹੋਈ, ਉਨ੍ਹਾਂ ਦੇ ਪਰਵਾਰਾਂ ਨੂੰ ਕੇਂਦਰ ਸਰਕਾਰ ਵਿਰੁਧ ਅਦਾਲਤ ਵਿਚ ਕੇਸ ਕਰਨਾ ਚਾਹੀਦਾ ਹੈ। ਉਧਰ, ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਕੋਵਿਡ ਮਾਮਲਿਆਂ ਅਤੇ ਮੌਤਾਂ ਬਾਰੇ ਅੰਕੜੇ ਰਾਜਾਂ ਦੁਆਰਾ ਭੇਜੇ ਜਾਂਦੇ ਹਨ, ਕੇਂਦਰ ਦਾ ਕੰਮ ਇਨ੍ਹਾਂ ਨੂੰ ਇਕੱਠੇ ਕਰਨਾ ਹੈ। ਇਸ ਵਿਚ ਕੇਂਦਰ ਦਾ ਕੋਈ ਦੋਸ਼ ਨਹੀਂ।