ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਮੁੱਦੇ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਟਵਿਟਰ ’ਤੇ ਅਪਣੀ ਗੱਲ ਰਖਦਿਆਂ ਦੋਸ਼ ਲਾਇਆ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਭਾਰਤ ਸਰਕਰ ਦੇ ਗ਼ਲਤ ਫ਼ੈਸਲਿਆਂ ਨਾਲ ਸਾਡੇ 50 ਲੱਖ ਭੈਣਾਂ, ਭਰਾਵਾਂ, ਮਾਤਾਵਾ ਅਤੇ ਪਿਤਾਵਾਂ ਦੀ ਜਾਨ ਚਲੀ ਗਈ। ਅਪਣੇ ਟਵੀਟ ਵਿਚ ਰਾਹੁਲ ਗਾਂਧੀ ਨੇ ਲਿਖਿਆ, ‘ਸਚਾਈ, ਕੋਵਿਡ ਦੀ ਦੂਜੀ ਲਹਿਰ ਦੌਰਾਨ ਭਾਰਤ ਸਰਕਾਰ ਦੇ ਗ਼ਲਤ ਫ਼ੈਸਲਿਆਂ ਨੇ ਲੱਖਾਂ ਦੀ ਗਿਣਤੀ ਵਿਚ ਸਾਡੇ ਅਪਣਿਆਂ ਦੀ ਜਾਨ ਲੈ ਲਈ।’ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਕੋਵਿਡ ਮਹਾਂਮਾਰੀ ਦੌਰਾਨ ਸਰਕਾਰ ਦੁਆਰਾ ਕੀਤੇ ਗਏ ਪ੍ਰਬੰਧਾਂ ਬਾਬਤ ਸਵਾਲ ਖੜੇ ਕਰਦੇ ਰਹਿੰਦੇ ਹਨ। ਇਸ ਦੇ ਇਲਾਵਾ ਉਹ ਕਿਸਾਨਾਂ ਦੇ ਮੁੱਦੇ ’ਤੇਵੀ ਸਰਕਾਰ ਨੂੰ ਸਵਾਲ ਪੁਛਦੇ ਰਹਿੰਦੇ ਹਨ। ਉਨ੍ਹਾਂ ਕਿਸਾਨ ਅੰਦੋਲਨ ਵਿਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਵਾਰ ਨੂੰ ਮੁਆਵਜ਼ਾ ਨਾ ਦਿਤੇ ਜਾਣ ਦੇ ਫ਼ੈਸਲੇ ’ਤੇ ਸਰਕਾਰ ਨੂੰ ਸਵਾਲ ਪੁਛਿਆ ਅਤੇ ਕਿਹਾ ਕਿ ਅਪਣਿਆਂ ਨੂੰ ਗਵਾਉਣ ਵਾਲਿਆਂ ਦੇ ਹੰਝੂਆਂ ਵਿਚ ਸਭ ਰੀਕਾਰਡ ਹੈ। ਇਸ ਤੋਂ ਪਹਿਲਾਂ ਉਨ੍ਹਾਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਮਸਲੇ ’ਤੇ ਵੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਸੀ।