ਨਵੀਂ ਦਿੱਲੀ : ਮਾਨਸੂਨ ਇਜਲਾਸ ਵਿਚ ਦੈਨਿਕ ਭਾਸਕਰ ਗਰੁਪ ’ਤੇ ਇਨਕਮ ਟੈਕਸ ਦੇ ਛਾਪੇ ਦਾ ਮੁੱਦਾ ਵਿਰੋਧੀ ਧਿਰ ਨੇ ਜ਼ੋਰ-ਸ਼ੋਰ ਨਾਲ ਚੁਕਿਆ ਹੈ। ਵਿਰੋਧੀ ਧਿਰ ਦੇ ਮੈਂਬਰਾਂ ਨੇ ਰਾਜ ਸਪਾ ਵਿਚ ਭਾਸਕਰ ਗਰੁਪ ’ਤੇ ਛਾਪਿਆਂ ਦਾ ਵਿਰੋਧ ਕੀਤਾ ਅਤੇ ਨਾਹਰੇਬਾਜ਼ੀ ਕੀਤੀ। ਇਸ ਦੇ ਬਾਅਦ ਬੈਠਕ ਦੁਪਹਿਰ 2 ਵਜੇ ਤਕ ਉਠਾ ਦਿਤੀ ਗਈ। ਫਿਰ ਕਾਰਵਾਈ ਸ਼ੁਰੂ ਹੋਈ ਤਾਂ ਹੰਗਾਮਾ ਸ਼ੁਰੂ ਗਿਆ ਅਤੇ ਸਦਨ ਦੀ ਕਾਰਵਾਈ ਕਲ ਤਕ ਲਈ ਮੁਲਤਵੀ ਕਰ ਦਿਤੀ ਗਈ। ਲੋਕ ਸਭਾ ਵਿਚ ਵੀ ਹੰਗਾਮਾ ਹੋਇਆ ਜਿਥੇ ਫ਼ੋਨ ਟੈਪਿੰਗ ਅਤੇ ਜਾਸੂਸੀ ਦਾ ਮੁੱਦਾ ਵੀ ਉਠਿਆ। ਲੋਕ ਸਭਾ ਨੂੰ ਪਹਿਲਾਂ ਚਾਰ ਵਜੇ ਅਤੇ ਫਿਰ ਕਲ ਸਵੇਰੇ 11 ਵਜੇ ਤਕ ਉਠਾ ਦਿਤਾ ਗਿਆ। ਉਧਰ, ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ‘ਰੇਡ ਆਨ ਫ਼ਰੀ ਪ੍ਰੈਸ’ ਦੇ ਹੈਸ਼ਟੈਗ ਨਾਲ ਸੋਸ਼ਲ ਮੀਡੀਆ ਵਿਚ ਲਿਖਿਆ ਕਿ ਕਾਗਜ਼ ’ਤੇ ਸਿਆਹੀ ਨਾਲ ਸੱਚ ਲਿਖਣਾ, ਇਕ ਕਮਜ਼ੋਰ ਸਰਕਾਰ ਨੂੰ ਡਰਾਉਣ ਲਈ ਕਾਫ਼ੀ ਹੈ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਤਰਕਾਰਾਂ ਅਤੇ ਮੀਡੀਆ ਹਾਊਸ ’ਤੇ ਹਮਲੇ ਨੂੰ ਜਮਹੂਰੀਅਤ ਨੂੰ ਦਰੜਨ ਦੀ ਕੋਸ਼ਿਸ਼ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਭਾਸਕਰ ਨੇ ਮੋਦੀ ਸਰਕਾਰ ਦੀ ਲਾਪਰਵਾਹੀ ਨੂੰ ਉਜਾਗਰ ਕੀਤਾ। ਇਸ ਦੇ ਬਾਅਦ ਸਰਕਾਰ ਨੇ ਸਪੱਸ਼ਟੀਕਰਨ ਦਿਤਾ। ਕੈਬਨਿਟ ਮੀਟਿੰਗ ਮਗਰੋਂ ਪੱਤਰਕਾਰ ਸੰਮੇਲਨ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਏਜੰਸੀਆਂ ਆਜ਼ਾਦ ਰੂਪ ਵਿਚ ਕੰਮ ਕਰਦੀਆਂ ਹਨ। ਸਰਕਾਰ ਇਨ੍ਹਾਂ ਵਿਚ ਦਖ਼ਲ ਨਹੀਂ ਦਿੰਦੀ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਸੱਚ ਨੂੰ ਬੇਖੌਫ਼ ਹੋ ਕੇ ਉਜਾਗਰ ਕਰਨ ਵਾਲੇ ਅਦਾਰੇ ਨੂੰ ਦਬਾਉਣ ਦੀ ਕੋਸ਼ਿਸ਼ ਹੈ।