ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਵੱਡਾ ਹਮਲਾ ਹੋਣ ਤੋਂ ਬਚਾ ਲਿਆ। ਵਿਸਫੋਟਕ ਲੈ ਕੇ ਉਡ ਰਹੇ ਡਰੋਨ ਨੂੰ ਸੁਰੱਖਿਆ ਬਲਾਂ ਨੇ ਗੋਲੀਬਾਰੀ ਨਾਲ ਡੇਗ ਦਿਤਾ। ਇਹ ਡਰੋਨ ਪਾਕਿਸਤਾਨ ਵਲੋਂ ਆਇਆ ਸੀ। ਡਰੋਨ ਵਿਚ ਭਾਰੀ ਮਾਤਰਾ ਵਿਚ ਆਈਈਡੀ ਬੰਨਿ੍ਹਆ ਮਿਲਿਆ ਜਿਸ ਨੂੰ ਸੁਰੱਖਿਆ ਬਲਾਂ ਨੇ ਨਸ਼ਟ ਕਰ ਦਿਤਾ। ਦਸਿਆ ਜਾ ਰਿਹਾ ਹੈ ਕਿ ਜੇ ਇਹ ਆਈਈਡੀ ਕਿਤੇ ਡਿੱਗਦਾ ਤਾਂ ਵੱਡੀ ਤਬਾਹੀ ਹੋ ਸਕਦੀ ਸੀ। ਮਾਮਲਾ ਕਨਾਚਕ ਇਲਾਕੇ ਦਾ ਹੈ। ਸੁਰੱਖਿਆ ਬਲਾਂ ਨੂੰ ਅੱਧੀ ਰਾਤ ਇਲਾਕੇ ਵਿਚ ਇਕ ਡਰੋਨ ਉਡਦਾ ਹੋਇਆ ਵਿਖਾਈ ਦਿਤਾ। ਸੁਰੱਖਿਆ ਬਲਾਂ ਨੇ ਡਰੋਨ ’ਤੇ ਗੋਲੀਆਂ ਚਲਾਈਆਂ ਅਤੇ ਉਸ ਨੂੰ ਹੇਠਾਂ ਡੇਗ ਦਿਤਾ। ਫ਼ੌਜ ਦੇ ਜਵਾਨ ਜਦ ਡਰੋਨ ਲਾਗੇ ਪਹੁੰਚੇ ਸਨ ਤਾਂ ਇਸ ਵਿਚ ਭਾਰੀ ਮਾਤਰਾ ਵਿਚ ਵਿਸਫੋਟਕ ਬੰਨਿ੍ਹਆ ਮਿਲਿਆ। ਜੰਮੂ ਕਸ਼ਮੀਰ ਪੁਲਿਸ ਨੇ ਦਸਿਆ ਕਿ ਹੇਕਸਾਕਾਪਟਰ ਨੂੰ ਭਾਰਤੀ ਸਰਹੱਦ ਦੇ ਕਰੀਬ ਛੇ ਕਿਲੋਮੀਟਰ ਅੰਦਰ ਡੇਗ ਦਿਤਾ ਹੈ। ਇਸ ਵਿਚ ਲਗਭਗ 5 ਕਿਲੋਗ੍ਰਾਮ ਵਿਸਫੋਟਕ ਬਰਾਮਦ ਕੀਤਾ ਗਿਆ। ਬੀਤੇ ਦਿਨੀਂ ਨੋਨਾਥ ਆਸ਼ਰਮ ਘਗਵਾਲ ਵਿਚ ਹਾਈਵੇਅ ਤੋਂ ਕਰੀਬ 600 ਮੀਟਰ ਹੇਠਾਂ ਖੱਡ ਵਿਚ ਪਾਕਿਸਤਾਨ ਤੋਂ ਆਏ ਡਰੋਨ ਨੇ ਹਥਿਆਰ ਡੇਗੇ ਸਨ। ਪਾਕਿ ਹੈਂਡਲਰਾਂ ਨੇ ਉਸ ਜਗ੍ਹਾ ਬਾਰੇ ਦਸਿਆ। ਜਿਸ ਦੇ ਬਾਅਦ ਸ੍ਰੀਨਗਰ ਤੋਂ ਟਰੱਕ ਚਾਲਕ ਮੁੰਤਜਰ ਮੰਜ਼ੂਰ ਅਪਣੇ ਨਾਲ ਜੈਸ਼ ਦੇ ਅਤਿਵਾਦੀ ਸ਼ੌਕਤ ਨੂੰ ਲੈ ਕੇ ਆਇਆ। ਉਸ ਜਗ੍ਹਾ ’ਤੇ ਅਤਿਵਾਦੀ ਨੇ ਜਾ ਕੇ ਏ ਕੇ 47 ਨੂੰ ਲਿਆ। ਬਾਕੀ ਪਿਸਟਲ ਅਤੇ ਗ੍ਰੇਨੇਡ ਨੂੰ ਉਥੇ ਲੁਕਾ ਦਿਤਾ ਗਿਆ ਸੀ। ਰਾਇਫਲ ਲੈਣ ਦੇ ਬਾਅਦ ਬਾੜੀ ਬ੍ਰਾਹਮਣਾ ਵਿਚ ਸਥਿਤ ਇਕ ਫੈਕਟਰੀ ਤੋਂ ਸਰੀਆ ਲੋਡ ਕੀਤਾ ਅਤੇ ਦੋਵੇਂ ਵਾਪਸ ਸ੍ਰੀਨਗਰ ਚਲੇ ਗਏ ਸਨ। ਦੂਜੀ ਵਾਰ ਫਿਰ 11 ਜੁਲਾਈ ਨੂੰ ਚਾਲਕ ਅਤਿਵਾਦੀ ਦੇ ਕਹਿਣ ’ਤੇ ਪਿਸਟਲ ਅਤੇ ਗ੍ਰੇਨੇਡ ਲੈ ਕੇ ਜਾ ਰਿਹਾ ਸੀ। ਪਰ ਤਦ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ।