ਮੁੰਬਈ : ਭਾਰੀ ਮੀਂਹ ਕਾਰਨ ਮਹਾਰਾਸ਼ਟਰ ਦੇ ਕੋਹਲਾਪੁਰ, ਰਾਏਗੜ੍ਹ, ਰਤਨਾਗਿਰੀ, ਪਾਲਘਰ, ਠਾਣੇ ਅਤੇ ਨਾਗਪੁਰ ਦੇ ਕੁਝ ਹਿੱਸਿਆਂ ਵਿਚ ਹੜ੍ਹਾਂ ਜਿਹੇ ਹਾਲਾਤ ਬਣੇ ਹੋਏ ਹਨ। ਭਾਰੀ ਮੀਂਹ ਕਾਰਨ ਸ਼ੁਕਰਵਾਰ ਨੂੰ ਵਾਪਰੇ ਹਾਦਸਿਆਂ ਵਿਚ ਹੁਣ ਤਕ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਰਾਏਗੜ੍ਹ ਦੇ ਤਲਈ ਪਿੰਡ ਵਿਚ ਪਹਾੜ ਦਾ ਮਲਬਾ ਰਿਹਾਇਸ਼ੀ ਇਲਾਕੇ ’ਤੇ ਡਿੱਗ ਗਿਆ ਜਿਸ ਕਾਰਨ 35 ਘਰ ਹੇਠਾਂ ਦਬ ਗਏ। ਇਸ ਹਾਦਸੇ ਵਿਚ 36 ਲੋਕਾਂ ਦੀ ਮੌਤ ਹੋ ਗਈ, 70 ਤੋਂ ਵੱਧ ਲੋਕ ਲਾਪਤਾ ਹਨ। 32 ਦੀਆਂ ਲਾਸ਼ਾਂ ਬਾਹਰ ਕਢੀਆਂ ਗਈਆਂ ਹਨ। ਸਤਾਰਾ ਦੇ ਅੰਬੇਘਰ ਪਿੰਡ ਵਿਚ ਵੀ ਲੈਂਡ ਸਲਾਈਡਿੰਗ ਹੋਈ ਹੈ। ਇਥੋਂ ਦੇ 8 ਜਣਿਆਂ ਦੀ ਜਾਨ ਗਈ ਹੈ। ਮਲਬੇ ਦੇ ਹੇਠਾਂ ਕਰੀਬ 20 ਜਣੇ ਦਬੇ ਹੋਏ ਹਨ। ਸ਼ੁਕਰਵਾਰ ਨੂੰ ਹੀ ਮੁੰਬਈ ਨਾਲ ਲੱਗੇ ਗੋਵੰਡੀ ਵਿਚ ਇਕ ਇਮਾਰਤ ਡਿੱਗਣ ਨਾਲ 4 ਜਣਿਆਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਇਕ ਹੀ ਪਰਵਾਰ ਤੋਂ ਹਨ। ਹਾਦਸੇ ਵਿਚ 6 ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਮੁੰਬਈ ਦੇ ਰਾਜਵਾੜੀ ਅਤੇ ਸਾਇਨ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਬਰਸਾਤੀ ਨਦੀਆਂ ਦਾ ਪਾਣੀ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਵੜ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਲਈ ਕੋਂਕਣ, ਮੁੰਬਈ ਅਤੇ ਆਲੇ ਦੁਆਲੇ ਜ਼ਿਲਿ੍ਹਆਂ ਲਈ ਰੈਡ ਅਲਰਟ ਜਾਰੀ ਕੀਤਾ ਹੈ। ਠਾਣੇ ਅਤੇ ਪਾਲਘਰ ਵਿਚ ਭਾਰੀ ਮੀਂਹ ਕਾਰਨ ਹੇਠਲੇ ਇਲਾਕੇ 24 ਘੰਟੇ ਤੋਂ ਪਾਣੀ ਵਿਚ ਡੁੱਬੇ ਹਨ। ਕੋਂਕਣ ਡਵੀਜ਼ਨ ਵਿਚ ਹਾਲੇ ਤਕ ਮੀਂਹ ਨਾਲ ਜੁੜੀਆਂ ਘਟਨਾਵਾਂ ਵਿਚ 8 ਜਣਿਆਂ ਦੀ ਮੌਤ ਹੋ ਚੁਕੀ ਹੈ। ਕਰੀਬ 700 ਲੋਕਾਂ ਨੂੰ ਸੁਰੱਖਿਅਤ ਬਾਹਰ ਕਢਿਆ ਜਾ ਚੁਕਾ ਹੈ। ਰਾਏਗੜ੍ਹ ਵਿਚ 4 ਥਾਵਾਂ ’ਤੇ ਲੈਂਡਸਲਾਈਡ ਹੋਣ ਨਾਲ ਕਈ ਲੋਕ ਫਸ ਗਏ ਹਨ, 25 ਜਣਿਆਂ ਨੂੰ ਕਢਿਆ ਗਿਆ ਹੈ ਅਤੇ 20 ਹਾਲੇ ਵੀ ਫਸੇ ਹੋਏ ਹਨ। ਕੋਹਲਾਪੁਰ ਦੇ ਚਿਖਲੀ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਐਨਡੀਆਰਐਫ਼ ਦੀਆਂ ਦੋ ਟੀਮਾਂ ਲਗਾਤਾਰ ਯਤਨ ਕਰ ਰਹੀਆਂ ਹਨ।