ਨਵੀਂ ਦਿੱਲੀ : ਸੰਸਦ ਦੇ ਮਾਨਸੂਨ ਇਜਲਾਸ ਦਾ ਚੌਥਾ ਦਿਨ ਵੀ ਹੰਗਾਮੇ ਦੀ ਭੇਟ ਚੜ੍ਹ ਗਿਆ। ਪੇਗਾਸਸ ਜਾਸੂਸੀ ਅਤੇ ਖੇਤੀ ਕਾਨੂੰਨਾਂ ਕਾਰਨ ਸਦਨ ਵਿਚ ਭਾਰੀ ਹੰਗਾਮਾ ਹੋਇਆ ਜਿਸ ਕਾਰਨ ਲੋਕ ਸਭਾ ਸੋਮਵਾਰ ਤਕ ਮੁਲਤਵੀ ਕਰ ਦਿਤੀ ਗਈ। ਉਧਰ, ਰਾਜ ਸਭਾ ਦੀ ਕਾਰਵਾਈ ਵੀ ਹੰਗਾਮੇ ਕਾਰਨ ਦੁਪਹਿਰ 2.30 ਵਜੇ ਤਕ ਲਈ ਮੁਲਤਵੀ ਕਰ ਦਿਤੀ ਗਈ ਅਤੇ ਮੁੜ ਬੈਠਕ ਸ਼ੁਰੂ ਹੋਣ ’ਤੇ ਵੀ ਭਾਰੀ ਰੌਲਾ ਪਿਆ। ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ, ‘ਸਦਨ ਦੇ ਘਟਨਾਕ੍ਰਮ ਤੋਂ ਬਹੁਤ ਦੁਖੀ ਹਾਂ। ਸਦਨ ਦੀ ਕਾਰਵਾਈ ਦੌਰਾਨ ਆਈ.ਟੀ. ਮੰਤਰੀ ਤੋਂ ਕਾਗਜ਼ ਲੈ ਕੇ ਉਸ ਦੇ ਕਈ ਟੁਕੜੇ ਕਰ ਦਿਤੇ ਗਏ। ਅਜਿਹਾ ਕਾਰਨਾਮਾ ਸਦਨ ਦੀ ਕਾਰਵਾਈ ਨੂੰ ਹੇਠਲੇ ਪੱਧਰ ’ਤੇ ਲਿਜਾਣ ਵਾਲਾ ਹੈ। ਇਸ ਤਰ੍ਹਾਂ ਦੀ ਕਾਰਵਾਈ ਸਾਡੇ ਸੰਸਦੀ ਲੋਕਤੰਤਰ ’ਤੇ ਸਪੱਸ਼ਟ ਹਮਲਾ ਹੈ।’ ਰਾਜ ਸਭਾ ਵਿਚ ਅੱਜ ਤ੍ਰਿਣਮੂਲ ਕਾਂਗਰਸ ਸੰਸਦ ਮੇਂਬਰ ਸ਼ਾਂਤਨੂੰ ਸੇਨ ਨੂੰ ਪੂਰੇ ਇਜਲਾਸ ਲਈ ਮੁਅੱਤਲ ਕਰ ਦਿਤਾ ਗਿਆ। ਸਰਕਾਰ ਨੇ ਉਨ੍ਹਾਂ ਦੀ ਮੁਅੱਤਲੀ ਦਾ ਪ੍ਰਸਤਾਵ ਰਾਜ ਸਭਾ ਵਿਚ ਰਖਿਆ। ਉਨ੍ਹਾਂ ਕਲ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਨਵ ਦੇ ਹੱਥ ਤੋਂ ਦਸਤਾਵੇਜ਼ ਲੈ ਕੇ ਫਾੜ ਦਿਤੇ ਸਨ। ਵੈਸ਼ਨਵ ਨੇ ਅੱਜ ਇਸ ਘਟਨਾ ਬਾਰੇ ਕਿਹਾ ਕਿ ਤ੍ਰਿਣਮੂਲ ਦਾ ਬੰਗਾਲ ਵਿਚ ਹਿੱਸਾ ਦਾ ਸਭਿਆਚਾਰ ਹੈ ਅਤੇ ਇਹੋ ਸਭਿਆਚਾਰ ਉਹ ਸਦਨ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਾਂਤਨੂੰ ਸੇਨ ਨੇ ਦੋਸ਼ ਲਾਇਆ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਰਾਜ ਸਭਾ ਵਿਚ ਉਨ੍ਹਾਂ ਨੂੰ ਅਪਸ਼ਬਦ ਕਹੇ ਅਤੇ ਉਹ ਕੁੱਟਮਾਰ ਕਰਨ ਵਾਲੇ ਸਨ ਪਰ ਸਾਥੀਆਂ ਨੇ ਬਚਾ ਲਿਆ। ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰਾਂ ਦੇ ਮੈਂਬਰ ਨਾਹਰੇਬਾਜ਼ੀ ਕਰਦੇ ਹੋਏ ਸਪੀਕਰ ਦੀ ਕੁਰਸੀ ਲਾਗੇ ਪਹੁੰਚ ਗਏ। ਕੁਝ ਮੈਂਬਰਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ਪੇਗਾਸਸ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਸੀ। ਸਪੀਕਰ ਓਮ ਪ੍ਰਕਾਸ਼ ਬਿਰਲਾ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਪਰ ਨਾਹਰੇਬਾਜ਼ੀ ਤਿੱਖੀ ਹੁੰਦੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਮੈਂਬਰਾਂ ਨੇ ਮਾਸਕ ਨਹੀਂ ਪਾਏ ਹੋਏ ਹਨ। ਹੰਗਾਮਾ ਨਾ ਰੁਕਣ ’ਤੇ ਕਾਰਵਾਈ ਸਵੇਰੇ 11.15 ਵਜੇ ਰੋਕ ਦਿਤੀ ਗਈ ਅਤੇ ਫਿਰ 12 ਵਜੇ ਤਕ ਰੋਕੀ ਗਈ। ਅਖ਼ੀਰ ਜਦੋਂ ਰੌਲਾ ਖ਼ਤਮ ਨਾ ਹੋਇਆ ਤਾਂ ਸਦਨ ਦੀ ਕਾਰਵਾਈ ਕਰੀਬ ਸਵਾ 12 ਵਜੇ ਦਿਨੀ ਭਰ ਲਈ ਮੁਲਤਵੀ ਕਰ ਦਿਤੀ ਗਈ। ਸਨਿਚਰਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਕਾਰਨ ਅਗਲੇ ਬੈਠਕ ਹੁਣ ਸੋਮਵਾਰ ਨੂੰ ਹੋਵੇਗੀ।