ਨਵੀਂ ਦਿੱਲੀ : ਸੰਸਦ ਵਿਚ ਜਾਰੀ ਮਾਨਸੂਨ ਇਜਲਾਸ ਦੇ ਨਾਲ-ਨਾਲ ਜੰਤਰ-ਮੰਤਰ ’ਤੇ ਚੱਲ ਰਹੀ ‘ਕਿਸਾਨ ਸੰਸਦ’ ਦਾ ਅੱਜ ਦੂਜਾ ਦਿਨ ਸੀ। ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਰਧਸੈਨਿਕ ਬਲ ਅਤੇ ਪੁਲਿਸ ਮੁਲਾਜ਼ਮ ਪ੍ਰਵੇਸ਼ ਦਰਵਾਜ਼ੇ ’ਤੇ ਭਾਰੀ ਰੋਕਾਂ ਨਾਲ ਪ੍ਰਦਰਸ਼ਨ ਵਾਲੀ ਥਾਂ ’ਤੇ ਤੈਨਾਤ ਕੀਤੇ ਗਏ ਹਨ। ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਸ਼ਾਂਤੀਪੂਰਨ ਰਿਹਾ। ਕਿਸਾਨਾ ਨੇ ‘ਕਿਸਾਨ ਸੰਸਦ’ ਸਦਨ ਸਪੀਕਰ ਹਰਦੇਵ ਅਰਸ਼ੀ, ਉਪ ਮੁਖੀ ਜਗਤਾਰ ਸਿੰਘ ਬਾਜਵਾ ਅਤੇ ‘ਖੇਤੀ ਮੰਤਰੀ’ ਨਾਲ ਕੀਤੀ। ਕਿਸਾਨ ਸੰਸਦ ਵਿਚ ਇਕ ਘੰਟੇ ਦਾ ਪ੍ਰਸ਼ਨ ਕਾਲ ਵੀ ਰਖਿਆ ਗਿਆ ਸੀ ਜਿਸ ਵਿਚ ਖੇਤੀ ਮੰਤਰੀ ’ਤੇ ਸਵਾਲਾਂ ਦੀ ਵਾਛੜ ਕੀਤੀ ਗਈ ਜਿਨ੍ਹਾਂ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਬਚਾਅ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ। ਮੰਤਰੀ ਨੇ ਸੰਸਦ ਨੂੰ ਦਸਿਆ ਕਿ ਕਿਵੇਂ ਪੈਰ ਫਲਾਉਂਦੀ ਕੋਵਿਡ ਮਹਾਂਮਾਰੀ ਵਿਚਾਲੇ ਕਿਸਾਨਾਂ ਨੂੰ ਉਨ੍ਹ੍ਹਾਂ ਦੇ ਘਰਾਂ ਨੂੰ ਮੁੜਨ ਅਤੇ ਉਨ੍ਹਾਂ ਨੂੰ ਟੀਕਾ ਲਗਵਾਉਣ ਦੀ ਬੇਨਤੀ ਕੀਤੀ ਗਈ ਸੀ। ਹਰ ਵਾਰ ਜਦ ਮੰਤਰੀ ਤਸੱਲੀਬਖ਼ਸ਼ ਜਵਾਬ ਦੇਣ ਵਿਚ ਨਾਕਾਮ ਰਹਿੰਦੇ, ਸਦਨ ਦੇ ਮੈਂਬਰ ਉਨ੍ਹਾਂ ਨੂੰ ਸ਼ਰਮਿੰਦਾ ਕਰਦੇ, ਅਪਣੇ ਹੱਥ ਚੁਕਦੇ ਅਤੇ ਉਨ੍ਹਾਂ ਦੇ ਜਵਾਬਾਂ ’ਤੇ ਇਤਰਾਜ਼ ਕਰਦੇ। ਸੰਸਦ ਵਿਚ ਜਾਰੀ ਇਜਲਾਸ ਦੇ ਨਾਲ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰਨ ਲਈ 200 ਕਿਸਾਨਾਂ ਦਾ ਗਰੁਪ ਵੀਰਵਾਰ ਨੂੰ ਮੱਧ ਦਿੱਲੀ ਦੇ ਜੰਤਰ-ਮੰਤਰ ’ਤੇ ਪਹੁੰਚਿਆ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ 200 ਕਿਸਾਨਾਂ ਨੂੰ 9 ਅਗੱਸਤ ਤਕ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿਤੀ ਹੈ।