ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਅਤਿਵਾਦੀਆਂ ਨੇ ਇਕ ਵਾਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਹੈ। ਕੁਲਗਾਮ ਦੇ ਖੁਦਵਾਨੀ ਇਲਾਕੇ ਵਿਚ ਅਤਿਵਾਦੀਆਂ ਨੇ ਪੁਲਿਸ ਸਿਪਾਹੀ ਕੋਲੋਂ ਏ ਕੇ 47 ਰਾਈਫ਼ਲ ਖੋਹ ਲਈ। ਸੁਰੱਖਿਆ ਬਲਾਂ ਨੇ ਮੋਰਚਾ ਸੰਭਾਲ ਲਿਆ ਅਤੇ ਅਤਿਵਾਦੀਆਂ ਦੀ ਭਾਲ ਜਾਰੀ ਹੈ। ਉਧਰ, ਮੁਨੰਦ ਇਲਾਕੇ ਵਿਚ ਐਤਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਹੋ ਗਿਆ ਜਿਸ ਵਿਚ ਸੁਰੱਖਿਆ ਬਲਾਂ ਨੇ ਇਕ ਅਤਿਵਾਦੀ ਨੂੰ ਮਾਰ ਦਿਤਾ। ਫ਼ਿਲਹਾਲ ਉਸ ਦੀ ਪਛਾਣ ਨਹੀਂ ਹੋ ਸਕੀ। ਜੰਮੂ ਕਸ਼ਮੀਰ ਪੁਲਿਸ ਮੁਤਾਬਕ ਇਲਾਕੇ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਦੇ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਪੁਲਿਸ ਅਤੇ ਫ਼ੌਜ ਨੇ ਵੀ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿਤਾ। ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਲਾਕੇ ਵਿਚ ਹੋਰ ਵੀ ਅਤਿਵਾਦੀ ਲੁਕੇ ਹੋਏ ਹੋ ਸਕਦੇ ਹਨ। ਇਸ ਤੋਂ ਪਹਿਲਾਂ ਸਨਿਚਰਵਾਰ ਨੂੰ ਬਾਂਦੀਪੋਰਾ ਵਿਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲੇ ਹੋਇਆ ਸੀ। ਜੰਗਲ ਵਿਚ ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਖ਼ਤਮ ਕਰ ਦਿਤਾ ਸੀ ਜਿਨ੍ਹਾਂ ਦੀ ਪਛਾਣ ਹਾਲੇ ਨਹੀਂ ਹੋ ਸਕੀ। 23 ਜੁਲਾਈ ਨੂੰ ਫ਼ੌਜ ਦਾ ਜਵਾਨ ਸ਼ਹੀਦ ਹੋ ਗਿਆ ਸੀ। 24 ਜੁਲਾੲਂ ਨੂੰ ਵੀ ਬਾਰੂਦੀ ਸੁਰੰਗ ਫਟ ਜਾਣ ਕਾਰਨ ਫ਼ੌਜ ਦਾ ਜਵਾਨ ਸ਼ਹੀਦ ਹੋ ਗਿਆ ਸੀ।