ਨਵੀਂ ਦਿੱਲੀ : ਕੋਵਿਡ-19 ਦੀ ਤੀਜੀ ਲਹਿਰ ਦੇ ਖ਼ਦਸ਼ਿਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਦੇਸ਼ਵਾਸੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਕੋਰੋਨਾ ਹਾਲੇ ਗਿਆ ਨਹੀਂ ਹੈ ਸਗੋਂ ਇਸ ਨਾਲ ਜੁੜੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ। ਆਕਾਸ਼ਵਾਣੀ ਦੇ ਮਹੀਨਾਵਾਰ ਰੇਡੀਉ ਪ੍ਰੋਗਰਾਮ ‘ਮਨ ਕੀ ਬਾਤ’ ਦੀ ਤਾਜ਼ੀ ਕੜੀ ਵਿਚ ਦੇਸ਼ਵਾਸੀਆਂ ਨੂੰ ਆਉਣ ਵਾਲੇ ਤਿਉਹਾਰਾਂ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਮੋਦੀ ਨੇ ਕਿਹਾ, ‘ਤਿਉਹਾਰਾਂ ਅਤੇ ਉਤਸਵਾ ਦੇ ਸਮੇਂ ਇਹ ਜ਼ਰੂਰੀ ਯਾਦ ਰਖਣਾ ਕਿ ਕੋਰੋਨਾ ਹਾਲੇ ਸਾਡੇ ਵਿਚੋਂ ਕਿਤੇ ਨਹੀਂ ਗਿਆ। ਕੋਰੋਨਾ ਨਾਲ ਜੁੜੇ ਪ੍ਰੋਟੋਕਾਲ ਭੁਲਣੇ ਨਹੀਂ ਚਾਹੀਦੇ। ਤੁਸੀਂ ਸਿਹਤਮੰਦ ਅਤੇ ਖ਼ੁਸ਼ ਰਹੋ।’ ਮੋਦੀ ਨੇ ਖੇਤੀ ਖੇਤਰ ਵਿਚ ਕੀਤੇ ਜਾ ਰਹੇ ਵਿਲੱਖਣ ਤਜਰਬਿਆਂ ਅਤੇ ਖੇਤੀ ਰਹਿੰਦ-ਖੂੰਹਦ ਨੂੰ ਨਵੇਂ ਰੂਪ ਵਿਚ ਪੇਸ਼ ਕਰ ਕੇ ਆਮਦਨ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਦ ਵੀ ਲੀਕ ਤੋਂ ਹਟ ਕੇ ਕੋਸ਼ਿਸ਼ਾਂ ਹੋਈਆਂ, ਮਾਨਵਤਾ ਲਈ ਨਵੇਂ ਦਰਵਾਜ਼ੇ ਖੁਲ੍ਹੇ ਅਤੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਉਨ੍ਹਾਂ ਮਣੀਪੁਰ ਵਿਚ ਹੋ ਰਹੀ ਸੇਬ ਦੀ ਖੇਤੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਹਾਲੇ ਤਕ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਕਸ਼ਮੀਰ ਹੀ ਇਸ ਫਲ ਦੇ ਉਤਪਾਦਨ ਲਈ ਜਾਣੇ ਜਾਂਦੇ ਸਨ ਪਰ ਹੁਣ ਮਣੀਪੁਰ ਦਾ ਵੀ ਨਾਮ ਜੁੜ ਗਿਆ ਹੈ। ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਦੇ ਸੈਕਟਰ 29 ਵਿਚ ਛੋਲੇ ਭਟੂਰੇ ਵੇਚਣ ਵਾਲੇ ਸੰਜੇ ਰਾਣਾ ਦਾ ਵੀ ਜ਼ਿਕਰ ਕੀਤਾ। ਰਾਣਾ ਨੇ ਐਲਾਨ ਕੀਤਾ ਸੀ ਕਿ ਕੋਵਿਡ ਟੀਕਾਕਰਨ ਕਰਵਾਉਣ ਵਾਲਿਆਂ ਨੂੰ ਉਹ ਮੁਫ਼ਤ ਛੋਲੇ ਭਟੂਰੇ ਖਵਾਏਗਾ। ਜਿਸ ਦਿਨ ਵਿਅਕਤੀ ਨੇ ਟੀਕਾ ਲਗਵਾਇਆ ਹੈ, ਉਸੇ ਦਿਨ ਮੁਫ਼ਤ ਭਟੂਰੇ ਖਵਾਏ ਜਾਣਗੇ। ਮੋਦੀ ਨੇ ਕਿਹਾ, ‘ਜੇ ਤੁਸੀਂ ਮੁਫ਼ਤ ਅਤੇ ਸਵਾਦੀ ਛੋਲੇ ਭਟੂਰੇ ਖਾਣੇ ਹਨ ਤਾਂ ਕੋਵਿਡ ਤੋਂ ਬਚਾਅ ਦਾ ਟੀਕਾ ਲਗਵਾਉ ਅਤੇ ਉਸੇ ਦਿਨ ਸੰਜੇ ਕੋਲ ਜਾ ਕੇ ਸਰਟੀਫ਼ੀਕੇਟ ਵਿਖਾਉ ਤੇ ਛੋਲੇ ਖਾਉ।’ ਮੋਦੀ ਨੇ ਇਹ ਵੀ ਕਿਹਾ ਕਿ ਉਹ ਵੀ ਕੁਝ ਸਾਲ ਚੰਡੀਗੜ੍ਹ ਵਿਚ ਰਹੇ ਹਨ।