ਨਵੀਂ ਦਿੱਲੀ : ਮਹਾਰਾਸ਼ਟਰ ਦੇ ਤੱਟੀ ਖੇਤਰਾਂ ਵਿਚ ਭਾਰੀ ਮੀਂਹ ਕਾਰਨ ਵਾਪਰੀਆਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੇ ਬਾਅਦ 73 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ 47 ਲੋਕ ਲਾਪਤਾ ਹਨ। ਐਨਡੀਆਰਐਫ਼ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਫ਼ੋਰਸ ਦੇ ਮੁਖੀ ਐਸ ਐਨ ਪ੍ਰਧਾਨ ਨੇ ਰਾਜ ਦੇ ਰਾਏਗੜ੍ਹ, ਰਤਨਾਗਿਰੀ ਅਤੇ ਸਤਾਰਾ ਜ਼ਿਲਿ੍ਹਆਂ ਵਿਚ ਚਲਾਈ ਜਾ ਰਹੀ ਮੁਹਿੰਮ ਬਾਰੇ ਤਾਜ਼ਾ ਅੰਕੜਿਆਂ ਦੀ ਜਾਣਕਾਰੀ ਟਵਿਟਰ ਰਾਹੀਂ ਸਾਂਝੀ ਕੀਤੀ। ਇਨ੍ਹਾਂ ਇਲਾਕਿਆਂ ਤੋਂ ਕੁਲ 73 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ 44 ਲਾਸ਼ਾਂ ਰਾਏਗੜ੍ਹ ਵਿਚ ਪੈਂਦੇ ਤਲੀਏ ਪਿੰਡ ਤੋਂ ਬਰਾਮਦ ਹੋਈਆਂ ਹਨ। ਦੁਪਹਿਰ ਸਮੇਂ ਕੀਤੇ ਗਏ ਟਵੀਟ ਮੁਤਾਬਕ ਇਨ੍ਹਾਂ ਤਿੰਨ ਜ਼ਿਲਿ੍ਹਆਂ ਵਿਚ 47 ਲੋਕ ਲਾਪਤਾ ਹਨ। ਉਨ੍ਹਾਂ ਕਿਹਾ ਕਿ ਐਨਡੀਆਰਐਫ਼ ਰਾਏਗੜ੍ਹ ਵਿਚ ਜ਼ਮੀਨ ਖਿਸਕਣ ਤੋਂ ਪ੍ਰਭਾਵਤ ਤਲੀਏ, ਰਤਨਾਗਿਰੀ ਵਿਚ ਪੋਰਾਸੇ ਅਤੇ ਸਤਾਰਾ ਜ਼ਿਲ੍ਹੇ ਵਿਚ ਮੀਰਗਾਂਵ, ਅੰਬੇਘਰ ਅਤੇ ਢੋਕਾਵਾਲੇ ਵਿਚ ਬਚਾਅ ਅਤੇ ਰਾਹਤ ਕੰਮਾਂ ਵਿਚ ਲੱਗਾ ਹੋਇਆ ਹੈ। ਵੱਖ ਵੱਖ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਸਨਿਚਰਵਾਰ ਨੂੰ 112 ਹੋ ਗਈ ਸੀ। ਇਨ੍ਹਾਂ ਵਿਚੋਂ 52 ਲੋਕਾਂ ਦੀ ਮੌਤ ਇਕੱਲੇ ਤੱਟੀ ਰਾਏਗੜ੍ਹ ਜ਼ਿਲ੍ਹੇ ਵਿਚ ਹੋਈ ਸੀ। ਰਾਜ ਵਿਚ 135313 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ ਜਿਨ੍ਹਾਂ ਵਿਚੋਂ ਸਾਂਗਲੀ ਜ਼ਿਲ੍ਹੇ ਦੇ 78111 ਅਤੇ ਕੋਹਲਾਪੁਰ ਜ਼ਿਲ੍ਹੇ ਦੇ 40882 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਸੂਬੇ ਦੇ ਕਈ ਜ਼ਿਲਿ੍ਹਆਂ ਵਿਚ ਹੜ੍ਹਾਂ ਜਿਹੇ ਹਾਲਾਤ ਬਣੇ ਹੋਏ ਹਨ। ਕੁਝ ਸੂਤਰਾਂ ਦਾ ਕਹਿਣਾ ਹੈ ਕਿ ਹੁਣ ਤਕ 138 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 100 ਤੋਂ ਵੱਧ ਲੋਕ ਲਾਪਤਾ ਹਨ।