ਬੰਗਲੌਰ : ਬੀ ਐਸ ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਅਪਣਾ ਅਸਤੀਫ਼ਾ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਸੌਂਪ ਦਿਤਾ ਹੈ। ਯੇਦੀਯੁਰੱਪਾ ਨੇ ਰਾਜ ਭਵਨ ਵਿਚ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ। ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਤਿਆਗ ਪੱਤਰ ਪ੍ਰਵਾਨ ਕਰ ਲਿਆ ਗਿਆ ਹੈ। ਇਸ ਤੋਂ ਕੁਝ ਹੀ ਘੰਟੇ ਪਹਿਲਾਂ, ਭਾਜਪਾ ਦੇ 78 ਸਾਲਾ ਆਗੂ ਨੇ ਕਿਹਾ ਸੀ ਕਿ ਉਹ ਦੁਪਹਿਰ ਮਗਰੋਂ ਰਾਜਪਾਲ ਨੂੰ ਅਪਣਾ ਅਸਤੀਫ਼ਾ ਸੌਂਪ ਦੇਣਗੇ। ਯੇਦੀਯੁਰੱਪਾ ਨੇ ਭਾਵੁਕ ਹੁੰਦਿਆਂ ਅਤੇ ਭਰੇ ਮਨ ਨਾਲ ਕਿਹਾ ਸੀ, ‘ਮੇਰੀ ਗੱਲ ਨੂੰ ਅਜਾਈਂ ਨਾ ਸਮਝਣਾ, ਤੁਹਾਡੀ ਆਗਿਆ ਨਾਲ, ਮੈਂ ਫ਼ੈਸਲਾ ਕੀਤਾ ਕਿ ਮੈਂ ਦੁਪਹਿਰ ਮਗਰੋਂ ਰਾਜ ਭਵਨ ਜਾਵਾਂਗਾ ਅਤੇ ਮੁੱਖ ਮੰਤਰੀ ਅਹੁਦੇ ਤੋਂ ਅਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪਾਂਗਾ।’ ਉਨ੍ਹਾਂ ਕਿਹਾ ਕਿ ਉਹ ਦੁਖੀ ਹੋ ਕੇ ਨਹੀਂ ਸਗੋਂ ਖ਼ੁਸ਼ੀ ਨਾਲ ਅਜਿਹਾ ਕਰ ਰਹੇ ਹਨ। ਯੇਦੀਯੁਰੱਪਾ ਨੇ 75 ਸਾਲ ਤੋਂ ਵੱਧ ਉਮਰ ਦੇ ਹੋਣ ਬਾਵਜੂਦ ਉਨ੍ਹਾਂ ਨੂੰ ਦੋ ਸਾਲ ਮੁੱਖ ਮੰਤਰੀ ਵਜੋਂ ਸੇਵਾ ਕਰਨ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਦਾ ਧਨਵਾਦ ਕੀਤਾ। ਭਾਜਪਾ ਵਿਚ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਚੁਣੇ ਹੋਏ ਅਹੁਦਿਆਂ ਤੋਂ ਲਾਂਭੇ ਰੱਖਣ ਦਾ ਅਣਲਿਖਤੀ ਨਿਯਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਕੇਂਦਰੀ ਆਗੂਆਂ ਦੀਆਂ ਉਮੀਦਾਂ ਮੁਤਾਬਕ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਯੇਦੀਯੁਰੱਪਾ ਨੇ ਇਥੇ ਵਿਧਾਨ ਸੌਧ ਵਿਚ ਅਪਣੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਦੇ ਸਬੰਧ ਵਿਚ ਹੋਏ ਸਮਾਗਮ ਵਿਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਅਤੇ ਹੜ੍ਹਾਂ ਜਿਹੀਆਂ ਸਮੱਸਿਆਵਾਂ ਇਸ ਸਮੇਂ ਦੌਰਾਨ ਝੱਲਣੀਆਂ ਪਈਆਂ।