ਨਵੀਂ ਦਿੱਲੀ : ਸੰਸਦ ਦੇ ਮਾਨਸੂਨ ਇਜਲਾਸ ਦਾ ਅੱਜ ਦੂਜਾ ਹਫ਼ਤਾ ਸ਼ੁਰੂ ਹੋ ਗਿਆ। ਹੁਣ ਤਕ ਦੋਹਾਂ ਸਦਨਾਂ ਵਿਚ ਵਿਰੋਧੀ ਧਿਰ ਲਗਾਤਾਰ ਸਰਕਾਰ ’ਤੇ ਹਮਲਾਵਰ ਰਹੀ ਹੈ ਜਿਸ ਕਾਰਨ ਸੰਸਦ ਦੇ ਕੰਮਕਾਜ ਵਿਚ ਅੜਿੱਕਾ ਪੈ ਰਿਹਾ ਹੈ। ਅੱਜ ਵੀ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਖੇਤੀ ਕਾਨੂੰਨਾਂ ਅਤੇ ਪੇਗਾਸਸ ਮੁੱਦੇ ’ਤੇ ਜ਼ੋਰਦਾਰ ਹੰਗਾਮਾ ਸ਼ੁਰੂ ਕਰ ਦਿਤਾ ਜਿਸ ਦੇ ਬਾਅਦ ਰਾਜ ਸਭਾ ਨੂੰ ਸਵੇਰੇ 12 ਵਜੇ ਅਤੇ ਲੋਕ ਸਭਾ ਨੂੰ ਦੁਪਹਿਰ 2 ਵਜੇ ਤਕ ਲਈ ਉਠਾ ਦਿਤਾ ਗਿਆ। ਕਾਰਵਾਈ ਮੁੜ ਸ਼ੁਰੂ ਹੁੰਦਿਆਂ ਹੀ ਫਿਰ ਹੰਗਾਮਾ ਸ਼ੁਰੂ ਹੋ ਗਿਆ, ਜਿਸ ਦੇ ਬਾਅਦ ਮੁੜ ਲੋਕ ਸਭਾ ਦੀ ਕਾਰਵਾਈ ਕਲ ਤਕ ਲਈ ਅਤੇ ਰਾਜ ਸਭਾ ਦੀ ਕਾਰਵਾਈ 4 ਵਜੇ ਤਕ ਲਈ ਮੁਲਤਵੀ ਕਰ ਦਿਤੀ ਗਈ। ਅਖ਼ੀਰ ਰਾਜ ਸਭਾ ਪੰਜ ਵਜੇ ਤਕ ਮੁਲਤਵੀ ਕਰ ਦਿਤੀ ਗਈ। ਕਾਂਗਰਸ ਆਗੂ ਰਾਹੁਲ ਗਾਂਧੀ ਕਿਸਾਨਾਂ ਦੇ ਹੱਕ ਵਿਚ ਟਰੈਕਟਰ ਚਲਾ ਕੇ ਸੰਸਦ ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦਾ ਸੰਦੇਸ਼ ਲੈ ਕੇ ਸੰਸਦ ਆਏ ਹਨ। ਸਰਕਾਰ ਨੂੰ ਅੰਦੋਲਨਕਾਰੀ ਕਿਸਾਨਾਂ ਦੀ ਆਵਾਜ਼ ਸੁਣਨੀ ਪਵੇਗੀ। ਸਰਕਾਰ ਕਿਸਾਨਾਂ ਦਾ ਹੱਕ ਖੋਹ ਰਹੀ ਹੈ। ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ।’ ਖੇਤੀ ਕਾਨੂੰਨਾਂ ਕਾਰਨ ਵਿਰੋਧ ਪ੍ਰਦਰਸ਼ਨ ਕਰ ਰਹੇ ਕਈ ਕਾਂਗਰਸ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਨ੍ਹਾਂ ਵਿਚ ਰਣਦੀਪ ਸੁਰਜੇਵਾਲਾ ਅਤੇ ਵੀ ਵੀ ਸ੍ਰੀਨਿਵਾਸ ਵੀ ਸ਼ਾਮਲ ਸਨ। ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਸਰਕਾ ਸਾਡੇ ਕਾਂਗਰਸ ਆਗੂਆਂ ਨੂੰ ਇਸੇ ਤਰ੍ਹਾਂ ਹਿਰਾਸਤ ਵਿਚ ਲੈਂਦੀ ਰਹੇਗੀ ਤਾਂ ਉਹ ਕਹਿੰਦੇ ਹਨ ਕਿ ਸਾਨੂੰ 100 ਸਾਲ ਲਈ ਗ੍ਰਿਫਤਾਰ ਕਰ ਲਉ ਪਰ ਕਾਲੇ ਖੇਤੀ ਕਾਨੂੰਨ ਵਾਪਸ ਲੈ ਲਉ। ਜ਼ਿਕਰਯੋਗ ਹੈ ਕਿ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਦੋਹਾਂ ਸਦਨਾਂ ਵਿਚ ਰੌਲਾ–ਰੱਪਾ ਪੈ ਰਿਹਾ ਹੈ। ਸਰਕਾਰ ਕੰਮਕਾਜ ਨੂੰ ਆਮ ਤਰ੍ਹਾਂ ਚਲਾਉਣ ਲਈ ਵਿਰੋਧੀ ਧਿਰਾਂ ਨੂੰ ਅਪੀਲ ਕਰ ਰਹੀ ਹੈ ਪਰ ਵਿਰੋਧੀ ਧਿਰਾਂ ਵੱਖ ਵੱਖ ਮੁੱਦਿਆਂ ’ਤੇ ਸਰਕਾਰ ਨੂੰ ਘੇਰ ਰਹੀਆਂ ਹਨ।