ਨਵੀਂ ਦਿੱਲੀ : ਸਰਕਾਰ ਨੇ ਮਹਿਲਾ ਅਸ਼ਲੀਲ ਪੇਸ਼ਕਾਰੀ ਰੋਕੂ ਸੋਧ ਬਿੱਲ ਅੱਜ ਰਾਜ ਸਭਾ ’ਚੋਂ ਵਾਪਸ ਲੈ ਲਿਆ। ਦੋ ਵਾਰ ਰਾਜ ਸਭਾ ਦੀ ਕਾਰਵਾਈ ਰੁਕਣ ਦੇ ਬਾਅਦ ਦੁਪਹਿਰ ਦੋ ਵਜੇ ਉਚ ਸਦਨ ਦੀ ਬੈਠਕ ਸ਼ੁਰੂ ਹੋਣ ’ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਮਹਿਲਾ ਅਸ਼ਲੀਲ ਪੇਸ਼ਕਾਰੀ ਰੋਕ ਸੋਧ ਬਿੱਲ 2012 ਵਾਪਸ ਲਏ ਜਾਣ ਦਾ ਪ੍ਰਸਤਾਵ ਕੀਤਾ ਜਿਸ ਨੂੰ ਸਦਨ ਨੇ ਜ਼ੁਬਾਨੀ ਵੋਟਾਂ ਨਾਲ ਮਨਜ਼ੂਰੀ ਦੇ ਦਿਤੀ। ਸਰਕਾਰ ਦਾ ਕਹਿਣਾ ਹੈ ਕਿ ਸੂਚਨਾ ਕਾਨੂੰਨ ਅਤੇ ਸਾਇਬਰ ਕਾਨੂੰਨ ਉਨ੍ਹਾਂ ਮੁੱਦਿਆਂ ਦਾ ਪਹਿਲਾਂ ਹੀ ਹੱਲ ਕਰ ਰਹੇ ਹਨ ਜਿਨ੍ਹਾਂ ਸਬੰਧੀ ਇਹ ਬਿੱਲ ਲਿਆਂਦਾ ਗਿਆ ਸੀ। ਇਸ ਲਈ ਇਸ ਬਿੱਲ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਜਦ ਬਿੱਲ ਵਾਪਸ ਲਿਆ ਗਿਆ ਤਾਂ ਉਸ ਸਮੇਂ ਸਦਨ ਵਿਚ ਵਿਰੋਧੀ ਧਿਰਾਂ ਦੇ ਮੈਂਬਰ ਵੱਖ ਵੱਖ ਮੁੱਦਿਆਂ ’ਤੇ ਹੰਗਾਮਾ ਕਰ ਰਹੇ ਸਨ ਅਤੇ ਕੁਝ ਮੈਂਬਰ ਚੇਅਰਮੈਨ ਦੀ ਕੁਰਸੀ ਕੋਲ ਆ ਕੇ ਨਾਹਰੇਬਾਜ਼ੀ ਕਰ ਰਹੇ ਸਨ। ਇਹ ਬਿੱਲ 2012 ਵਿਚ ਸੰਸਦ ਦੇ ਸਰਦ ਰੁੱਤ ਇਜਲਾਸ ਵਿਚ ਪੇਸ਼ ਕੀਤਾ ਗਿਆ ਸੀ ਅਤੇ ਇਸ ਵਿਚ ਮੂਲ ਕਾਨੂੰਨ ਮਹਿਲਾ ਅਸ਼ਲੀਲ ਪੇਸ਼ਕਾਰੀ ਰੋਕ ਕਾਨੂੰਨ 1986 ਵਿਚ ਸੋਧ ਅਤੇ ਉਸ ਦੇ ਦਾਇਰੇ ਵਿਚ ਵਾਧੇ ਦਾ ਪ੍ਰਸਤਾਵ ਕੀਤਾ ਗਿਆ ਸੀ। ਸਰਕਾਰ ਨੇ ਇਸ਼ਤਿਹਾਰਾਂ, ਚਿੱਤਰਾਂ ਸਮੇਤ ਵੱਖ ਵੱਖ ਤਰੀਕਿਆਂ ਨਾਲ ਔਰਤ ਨੂੰ ਗ਼ਲਤ ਅਤੇ ਅਸ਼ਲੀਲ ਤਰੀਕੇ ਨਾਲ ਪੇਸ਼ ਕਰਨ ’ਤੇ ਰੋਕ ਲਾਉਣ ਲਈ ਇਸਤਰੀ ਅਸ਼ਲੀਲ ਪੇਸ਼ਕਾਰੀ ਰੋਕ ਕਾਨੂੰਨ, 1986 ਨੂੰ ਲਾਗੂ ਕੀਤਾ ਸੀ।