ਨਵੀਂ ਦਿੱਲੀ : ਭਾਰਤ ਨੂੰ ਟੋਕੀਉ ਉਲੰਪਿਕ ਵਿਚ ਪਹਿਲਾ ਮੈਡਲ ਦਿਵਾਉਣ ਵਾਲੀ ਮੀਰਾਬਾਈ ਚਾਨੂੰ ਟੋਕੀਉ ਤੋਂ ਭਾਰਤ ਮੁੜ ਆਈ ਹੈ। ਮੀਰਾ ਦਾ ਸਿਲਵਰ ਮੈਡਲ ਇਸ ਵਾਰ ਦੇ ਉਲੰਪਿਕ ਵਿਚ ਹੁਣ ਤਕ ਭਾਰਤ ਦਾ ਇਕਲੌਤਾ ਮੈਡਲ ਰਿਹਾ ਹੈ। ਉਹ ਉਲੰਪਿਕ ਦੇ ਪਹਿਲੇ ਦਿਨ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਐਥਲੀਟ ਵੀ ਸੀ। ਦਿੱਲੀ ਏਅਰਪੋਰਟ ’ਤੇ ਮੀਰਾਬਾਈ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਏਅਰਪੋਰਟ ਸਟਾਫ਼ ਨੇ ਭਾਰਤ ਮਾਤਾ ਦੀ ਜੈ ਦੇ ਨਾਹਰੇ ਲਾਏ। ਨਾਲ ਹੀ ਗਾਰਡ ਆਫ਼ ਆਨਰ ਵੀ ਦਿਤਾ ਗਿਆ। ਇਸ ਦੌਰਾਨ ਮੀਰਾ ਦੀ ਕੋਵਿਡ ਜਾਂਚ ਵੀ ਕੀਤੀ ਗਈ। ਮੀਰਾ ਨਾਲ ਉਸ ਦੇ ਕੋਚ ਵਿਜੇ ਸ਼ਰਮਾ ਵੀ ਮੁੜੇ ਹਨ। ਚਾਨੂ ਨੇ ਇਸ ਟਵੀਟ ਨੂੰ 5 ਘੰਟਿਆਂ ਅੰਦਰ ਕਰੀਬ 63 ਹਜ਼ਾਰ ਲਾਈਕਸ ਅਤੇ 3500 ਰੀ-ਟਵੀਟ ਮਿਲੇ। ਚਾਨੂ ਨੇ ਔਰਤਾਂ ਦੀ 49 ਕਿਲੋ ਭਾਰ ਸ਼੍ਰੇਣੀ ਵਿਚ ਕੁਲ 202 ਕਿਲੋ ਵਜ਼ਨ ਚੁੱਕ ਕੇ ਸਿਲਵਰ ਮੈਡਲ ਜਿੱਤਿਆ ਹੈ। ਵੇਟਲਿਫ਼ਟਿੰਗ ਵਿਚ ਮੀਰਾ ਮੈਡਲ ਜਿੱਤਣ ਵਾਲੀ ਭਾਰਤ ਦੀ ਦੂਜੀ ਐਥਲੀਟ ਹੈ। ਮਣੀਪੁਰ ਸਰਕਾਰ ਨੇ ਮੀਰਾ ਨੂੰ 1 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਪੀਜ਼ਾ ਕੰਪਨੀ ਡੌਮੀਨੋਜ਼ ਨੇ ਉਸ ਨੂੰ ਸਾਰੀ ਜ਼ਿੰਦਗੀ ਮੁਫ਼ਤ ਪੀਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ।