ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੀ ਸੰਸਦੀ ਦਲ ਦੀ ਬੈਠਕ ਵਿਚ ਕਾਂਗਰਸ ਉਤੇ ਸੰਸਦ ਦੀ ਕਾਰਵਾਈ ਵਿਚ ਅੜਿੱਕਾ ਪਾਉਣ ਦਾ ਦੋਸ਼ ਲਾਇਆ। ਮੋਦੀ ਨੇ ਕਿਹਾ ਕਿ ਕਾਂਗਰਸ ਨਾ ਸਦਨ ਚੱਲਣ ਦਿੰਦੀ ਹੈ ਅਤੇ ਨਾ ਚਰਚਾ ਹੋਣ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੰਸਦ ਦੀਆਂ ਬੈਠਕਾਂ ਦਾ ਬਾਈਕਾਟ ਕਰ ਰਹੀ ਹੈ। ਜਦ ਕੋਵਿਡ 19 ਸਬੰਧੀ ਬੈਠਕ ਬੁਲਾਈ ਸੀ ਤਾਂ ਕਾਂਗਰਸ ਨੇ ਬਾਈਕਾਟ ਵੀ ਕੀਤਾ ਅਤੇ ਹੋਰ ਪਾਰਟੀਆਂ ਨੂੰ ਵੀ ਰੋਕਿਆ। ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਕਾਂਗਰਸ ਅਤੇ ਵਿਰੋਧੀ ਧਿਰ ਦੇ ਇਸ ‘ਕੰਮ’ ਦਾ ਜਨਤਾ ਅਤੇ ਮੀਡੀਆ ਸਾਹਮਣੇ ਪਰਦਾਫ਼ਾਸ਼ ਕਰਨ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਵੀ ਮੁਰਲੀਧਰਨ ਨੇ ਪਿਛਲੇ ਹਫਤੇ ਲੋਕ ਸਭਾ ਅਤੇ ਰਾਜ ਸਭਾ ਵਿਚ ਕੀ ਹੋਇਆ, ਇਸ ਬਾਬਤ ਭਾਜਪਾ ਸੰਸਦੀ ਦਲ ਦੀ ਬੈਠਕ ਵਿਚ ਜਾਣਕਾਰੀ ਦਿਤੀ। ਇਸ ’ਤੇ ਮੋਦੀ ਨੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਵਿਰੋਧੀ ਧਿਰ ਨੂੰ ਬੇਨਕਾਬ ਕਰਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰ ਨਹੀਂ ਆ ਰਹੇ ਹਨ ਅਤੇ ਸਦਨ ਦਾ ਕੰਮਕਾਜ ਨਹੀਂ ਹੋਣ ਦੇ ਰਹੇ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਪਾਰਟੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਵਿਰੋਧੀ ਧਿਰਾਂ ਦੇ ਰਵਈਏ ਬਾਰੇ ਜਨਤਾ ਨੂੰ ਜਾਣੂੰ ਕਰਾਉਣ ਅਤੇ ਉਨ੍ਹਾਂ ਨੂੰ ਦੱਸਣ ਕਿ ਸਰਕਾਰ ਸਾਰੇ ਮੁੱਦਿਆਂ ’ਤੇ ਬਹਿਸ ਲਈ ਤਿਆਰ ਹੈ ਪਰ ਵਿਰੋਧੀ ਧਿਰ ਇਸ ਤੋਂ ਭੱਜ ਰਹੀ ਹੈ ਅਤੇ ਹੰਗਾਮਾ ਕਰ ਰਹੀ ਹੈ। ਮੋਦੀ ਨੇ ਇਹ ਵੀ ਕਿਹਾ ਕਿ ਪਾਰਟੀ ਦੇ ਕਾਰਕੁਨ 75ਵੇਂ ਆਜ਼ਾਦੀ ਦਿਹਾੜੇ ਮੌਕੇ 75 ਪਿੰਡਾਂ ਤਕ ਜਾਣ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਪਿੰਡ ਵਿਚ 75 ਘੰਟੇ ਰੁਕਣ। ਇਸ ਦੌਰਾਨ ਕਾਰਕੁਨ ਡਿਜੀਟਲ ਸਾਖਰਤਾ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜਾ ਸਿਰਫ਼ ਸਰਕਾਰੀ ਪ੍ਰੋਗਰਾਮ ਨਹੀਂ ਹੈ, ਇਹ ਜਨ ਅੰਦੋਲਨ ਦੇ ਰੂਪ ਵਿਚ ਹੋਣਾ ਚਾਹੀਦਾ ਹੈ। ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਣੀ ਚਾਹੀਦੀ ਹੈ।