ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਲਾਗ ਦੇ ਮਾਮਲਿਆਂ ਵਿਚ ਲਗਾਤਾਰ ਉਤਰਾਅ-ਚੜ੍ਹਾਅ ਜਾਰੀ ਹੈ। ਕਿਸੇ ਦਿਨ ਮਾਮਲੇ ਵਧ ਰਹੇ ਹਨ ਤਾਂ ਕਿਸੇ ਦਿਨ ਅਚਾਨਕ ਮਾਮਲੇ ਘੱਟ ਹੋ ਰਹੇ ਹਨ। ਰਾਹਤ ਦੀ ਗੱਲ ਇਹ ਹੈ ਕਿ 24 ਘੰਟਿਆਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕਮੀ ਦਰਜ ਕੀਤੀ ਗਈ ਹੈ। ਇਹ ਅੰਕੜਾ ਚਾਰ ਮਹੀਨਿਆਂ ਬਾਅਦ ਆਇਆ ਹੈ ਜਿਸ ਵਿਚ ਇਕ ਦਿਨ ਵਿਚ 30 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਮਾਰਚ ਵਿਚ ਕੋਰੋਨਾ ਦੇ ਨਵੇਂ ਮਾਮਲੇ 30 ਹਜ਼ਾਰ ਤੋਂ ਘੱਟ ਹੋਏ ਸਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੁਲ 29 ਹਜ਼ਾਰ 689 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦਕਿ 415 ਲੋਕਾਂ ਦੀ ਮੌਤ ਹੋਈ ਹੈ। 42 ਹਜ਼ਾਰ 363 ਲੋਕ ਇਸ ਮਹਾਂਮਾਰੀ ਤੋਂ ਠੀਕ ਹੋਏ ਹਨ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.39 ਫੀਸਦੀ ’ਤੇ ਪਹੁੰਚ ਗਈ ਹੈ ਜਿਨ੍ਹਾਂ ਵਿਚ 30621469 ਮਰੀਜ਼ ਠੀਕ ਹੋਏ ਹਨ। ਇਸ ਵਕਤ ਦੇਸ਼ ਵਿਚ 398100 ਮਰੀਜ਼ ਕੋਰੋਨਾ ਤੋਂ ਪੀੜਤ ਹਨ ਜਦਕਿ ਕੁਲ ਮੌਤਾਂ ਦਾ ਅੰਕੜਾ 421382 ’ਤੇ ਪਹੁੰਚ ਚੁਕਾ ਹੈ। ਹੁਣ ਤਕ 441912395 ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਲੱਗ ਚੁਕੀ ਹੈ।